ਭਾਰਤੀ ਕੈਪਟਨ ’ਤੇ ਹਮਲਾ ਕਰਨ ਵਾਲਾ ਕੋ-ਪਾਇਲਟ ਸੀਰੀਆ ’ਚ ਰਿਹਾ: ਕੱਟੜਪੰਥੀ ਹੋਣ ਦੇ ਕੀਤੇ ਜਾ ਰਹੇ ਦਾਅਵੇ
Co-pilot who attacked Indian captain: ਨਵੀਂ ਦਿੱਲੀ: ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਫਲਾਈਟ ਵਿੱਚ ਭਾਰਤੀ ਕੈਪਟਨ ਸਮਿਤ ਮੱਛਾਰ ’ਤੇ ਕਥਿਤ ਹਮਲਾ ਕਰਨ ਵਾਲੇ ਕੋ-ਪਾਇਲਟ ਦੀ ਪਛਾਣ ਹਮਾਮ ਅਲਹਮਾਮੀ ਵਜੋਂ ਹੋਈ ਹੈ। ਅਲ ਅਰਬੀਆ ਇੰਗਲਿਸ਼ ਦੀ ਰਿਪੋਰਟ ਮੁਤਾਬਕ ਉਹ ਓਮਾਨ ਦਾ ਨਾਗਰਿਕ ਹੈ ਅਤੇ ਉਸ ਦੇ ਲੰਬੇ ਸਮੇਂ ਤੱਕ ਸੀਰੀਆ ਵਿੱਚ ਰਹਿਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਰਿਪੋਰਟਾਂ ਅਨੁਸਾਰ, ਅਲਹਮਾਮੀ ਨੂੰ ਕਥਿਤ ਕੱਟੜਪੰਥੀ ਵਿਚਾਰਾਂ ਕਾਰਨ ਓਮਾਨ ਦੀ ਰਾਸ਼ਟਰੀ ਏਅਰਲਾਈਨ ਵਿੱਚ ਪਾਇਲਟ ਟ੍ਰੇਨਿੰਗ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਹੋਰ ਕੰਮ ਦਿੱਤਾ ਗਿਆ। ਉਹ ਪਹਿਲਾਂ ਰਾਇਲ ਏਅਰ ਮੈਰੋਕ ਨਾਲ ਵੀ ਜੁੜਿਆ ਰਿਹਾ ਸੀ। ਫਲਾਈਦੁਬਈ ਵਿੱਚ ਉਸ ਨੇ ਕਰੀਬ ਅੱਠ ਮਹੀਨੇ ਪਹਿਲਾਂ ਕੰਮ ਸ਼ੁਰੂ ਕੀਤਾ ਸੀ।
ਕੈਪਟਨ ’ਤੇ ਚਾਕੂ ਨਾਲ ਹਮਲਾ
30 ਸਤੰਬਰ ਨੂੰ ਫਲਾਈਦੁਬਈ ਦੀ FZ1073 ਉਡਾਣ ਵਿੱਚ ਕਰੀਬ 174 ਯਾਤਰੀ ਸਵਾਰ ਸਨ। ਦੁਬਈ ਤੋਂ ਤੇਲ ਅਵੀਵ ਜਾ ਰਹੀ ਇਸ ਉਡਾਣ ਦੌਰਾਨ ਕਰੀਬ ਢਾਈ ਘੰਟੇ ਬਾਅਦ ਕੈਪਟਨ ਸਮਿਤ ਮੱਛਾਰ ਅਤੇ ਕੋ-ਪਾਇਲਟ ਵਿਚਾਲੇ ਹੱਥਾਪਾਈ ਹੋਈ। ਇਸ ਦੌਰਾਨ ਕੈਪਟਨ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ।
ਇਸ ਘਟਨਾ ਦੌਰਾਨ ਜਹਾਜ਼ ਤੇਜ਼ੀ ਨਾਲ ਹੇਠਾਂ ਜਾਣ ਲੱਗਾ ਅਤੇ ਕਰੀਬ ਇੱਕ ਮਿੰਟ ਵਿੱਚ ਇਸ ਦੀ ਉਚਾਈ 33,000 ਫੁੱਟ ਤੋਂ ਘਟ ਕੇ 17,000 ਫੁੱਟ ਤੱਕ ਆ ਗਈ। ਜ਼ਖਮੀ ਕੈਪਟਨ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਤੋਂ ਬਾਅਦ ਯਾਤਰੀਆਂ ਅਤੇ ਕ੍ਰੂ ਮੈਂਬਰਾਂ ਨੇ ਅੰਦਰ ਪਹੁੰਚ ਕੇ ਹਮਲਾਵਰ ਨੂੰ ਕਾਬੂ ਕੀਤਾ। ਬਾਅਦ ਵਿੱਚ ਜਹਾਜ਼ ਨੂੰ ਸਾਊਦੀ ਅਰਬ ਦੇ ਤਬੂਕ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰਿਆ ਗਿਆ।
ਫਲਸਤੀਨ ਸਮਰਥਕ ਸਮੱਗਰੀ ਮਿਲਣ ਦਾ ਦਾਅਵਾ
ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਲਹਮਾਮੀ ਕੋਲੋਂ ‘ਫ੍ਰੀ ਫਲਸਤੀਨ’ ਨਾਲ ਸਬੰਧਤ ਪੰਫਲੈਟ ਅਤੇ ਹੋਰ ਸਮੱਗਰੀ ਮਿਲੀ ਸੀ। ਜਾਂਚ ਏਜੰਸੀਆਂ ਕਥਿਤ ਕੱਟੜਪੰਥੀ ਵਿਚਾਰਾਂ ਅਤੇ ਹਮਲੇ ਦੇ ਸੰਭਾਵਿਤ ਮਕਸਦ ਵਿਚਾਲੇ ਸਬੰਧ ਦੀ ਜਾਂਚ ਕਰ ਰਹੀਆਂ ਹਨ। ਹਾਲਾਂਕਿ, ਹਮਲੇ ਦੇ ਅਸਲ ਮਕਸਦ ਅਤੇ ਕਿਸੇ ਸੰਗਠਨ ਨਾਲ ਉਸ ਦੇ ਸਬੰਧਾਂ ਬਾਰੇ ਅਜੇ ਅੰਤਿਮ ਨਤੀਜਾ ਸਾਹਮਣੇ ਨਹੀਂ ਆਇਆ। ਯੂਏਈ ਦੇ ਅਟਾਰਨੀ ਜਨਰਲ ਨੇ ਵੀ ਜਾਂਚ ਦੇ ਹੁਕਮ ਦਿੱਤੇ ਹਨ ਕਿ ਘਟਨਾ ਦਾ ਸਬੰਧ ਕਿਸੇ ਅੱਤਵਾਦੀ ਗਤੀਵਿਧੀ, ਪਹਿਲਾਂ ਤੋਂ ਬਣਾਈ ਯੋਜਨਾ ਜਾਂ ਕਿਸੇ ਹੋਰ ਮਕਸਦ ਨਾਲ ਸੀ ਜਾਂ ਨਹੀਂ।
ਤੇਲ ਅਵੀਵ ਜਾਣ ਵਾਲੀ ਉਡਾਣ ’ਚ ਡਿਊਟੀ ਕਿਵੇਂ ਮਿਲੀ ?
ਓਮਾਨ ਅਤੇ ਇਜ਼ਰਾਈਲ ਵਿਚਾਲੇ ਕੂਟਨੀਤਕ ਸਬੰਧ ਨਾ ਹੋਣ ਕਾਰਨ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਅਲਹਮਾਮੀ ਨੂੰ ਤੇਲ ਅਵੀਵ ਜਾਣ ਵਾਲੀ ਫਲਾਈਟ ਵਿੱਚ ਕੋ-ਪਾਇਲਟ ਦੀ ਡਿਊਟੀ ਕਿਵੇਂ ਮਿਲੀ। ਇਜ਼ਰਾਈਲੀ ਏਜੰਸੀਆਂ ਅਤੇ ਹੋਰ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਉਸ ਨੂੰ ਇਸ ਰੂਟ ’ਤੇ ਉਡਾਣ ਭਰਨ ਦੀ ਮਨਜ਼ੂਰੀ ਕਿਸ ਪ੍ਰਕਿਰਿਆ ਤਹਿਤ ਦਿੱਤੀ ਗਈ ਸੀ।
ਅਲਹਮਾਮੀ ਨੂੰ ਬਾਅਦ ਵਿੱਚ ਸਾਊਦੀ ਅਰਬ ਤੋਂ ਯੂਏਈ ਭੇਜਿਆ ਗਿਆ, ਜਿੱਥੇ ਮਾਮਲੇ ਦੀ ਜਾਂਚ ਜਾਰੀ ਹੈ। ਅਧਿਕਾਰੀਆਂ ਵੱਲੋਂ ਹਮਲੇ ਦੇ ਮਕਸਦ ਅਤੇ ਸੰਭਾਵਿਤ ਅੱਤਵਾਦੀ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
