ਪੰਜਾਬ ’ਚ ਠੰਢ ਦੇ ਨਾਲ ਸੰਘਣੀ ਧੁੰਦ ਦੀ ਦਸਤਕ, ਅਲਰਟ ਜਾਰੀ
ਚੰਡੀਗੜ੍ਹ: ਪੰਜਾਬ ਵਿੱਚ ਨਵੰਬਰ ਦੇ ਆਖਰੀ ਹਫ਼ਤੇ ਠੰਢ ਦੇ ਨਾਲ ਧੁੰਦ ਦਾ ਅਸਰ ਵੀ ਵਧਣ ਲੱਗਾ ਹੈ। ਦਿਨ ਵੇਲੇ ਧੁੱਪ ਨਿਕਲਣ ਦੇ ਬਾਵਜੂਦ ਸ਼ਾਮ ਪੈਂਦਿਆਂ ਹੀ ਠੰਢ ਤੇਜ਼ ਹੋ ਜਾਂਦੀ ਹੈ। ਮੌਸਮ ਵਿਭਾਗ ਨੇ 29 ਨਵੰਬਰ ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਹੈ।
ਸਵੇਰੇ ਅਤੇ ਰਾਤ ਸਮੇਂ ਧੁੰਦ ਕਾਰਨ ਦ੍ਰਿਸ਼ਟੀ ਘੱਟ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਸੜਕ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਹਾਲਾਂਕਿ, ਮੌਸਮ ਦੇ ਲਿਹਾਜ਼ ਨਾਲ ਰਾਹਤ ਦੀ ਗੱਲ ਇਹ ਹੈ ਕਿ 28 ਨਵੰਬਰ ਤੋਂ 3 ਦਸੰਬਰ ਤੱਕ ਸੂਬੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਮੀਂਹ ਪੈਣ ਦੇ ਕੋਈ ਆਸਾਰ ਨਹੀਂ ਹਨ।
ਦੂਜੇ ਪਾਸੇ, ਹਰਿਆਣਾ ਵਿੱਚ ਹਵਾ ਪ੍ਰਦੂਸ਼ਣ ਦੀ ਸਥਿਤੀ ਵੀ ਚਿੰਤਾਜਨਕ ਬਣੀ ਹੋਈ ਹੈ। ਸ਼ੁੱਕਰਵਾਰ ਨੂੰ ਫਰੀਦਾਬਾਦ ਜ਼ਿਲ੍ਹੇ ਦਾ ਬੱਲਭਗੜ੍ਹ ਦੇਸ਼ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਦਰਜ ਕੀਤਾ ਗਿਆ, ਜਿੱਥੇ ਹਵਾ ਗੁਣਵੱਤਾ ਸੂਚਕ ਅੰਕ (AQI) 349 ਰਿਹਾ। ਰਿਪੋਰਟ ਅਨੁਸਾਰ, ਹਰਿਆਣਾ ਦੇ 19 ਸ਼ਹਿਰਾਂ ਦੀ ਹਵਾ ਖ਼ਰਾਬ ਜਾਂ ਦਰਮਿਆਨੀ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਰਿਪੋਰਟ ਵਿੱਚ ਸ਼ਾਮਲ ਸੂਬੇ ਦੇ 20 ਸ਼ਹਿਰਾਂ ਵਿੱਚੋਂ ਕਿਸੇ ਵੀ ਸ਼ਹਿਰ ਦੀ ਹਵਾ ਚੰਗੀ ਸ਼੍ਰੇਣੀ ਵਿੱਚ ਨਹੀਂ ਰਹੀ।