ਸੰਸਦ ‘ਚ ਨੁੱਕੜ ਨਾਟਕ ਪਿਆ ਮਹਿੰਗਾ, ਸਪੀਕਰ ਦੀ ਨਾਰਾਜ਼ਗੀ ਤੋਂ ਬਾਅਦ ਪੱਪੂ ਯਾਦਵ ਖ਼ਿਲਾਫ਼ ਸ਼ਿਕਾਇਤ ਦਰਜ
Complaint against Pappu Yadav: ਨਵੀਂ ਦਿੱਲੀ: ਰਾਮ ਮੰਦਰ ਦਾਨ ਨਾਲ ਜੁੜੇ ਕਥਿਤ ਚੜ੍ਹਾਵੇ ਦੇ ਗਬਨ ਦੇ ਦੋਸ਼ਾਂ ਨੂੰ ਲੈ ਕੇ ਸੰਸਦ ਕੰਪਲੈਕਸ ਵਿੱਚ ਕੀਤੇ ਗਏ ਪ੍ਰਤੀਕਾਤਮਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪੂਰਨੀਆ ਦੇ ਸੰਸਦ ਮੈਂਬਰ ਪੱਪੂ ਯਾਦਵ (ਰਾਜੇਸ਼ ਰੰਜਨ) ਵਿਰੁੱਧ ਦਿੱਲੀ ਦੇ ਜਹਾਂਗੀਰਪੁਰੀ ਥਾਣੇ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ। ਸ਼ਿਕਾਇਤ ਵਿੱਚ ਉਨ੍ਹਾਂ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਧਾਰਮਿਕ ਚਿੰਨ੍ਹਾਂ ਦਾ ਅਪਮਾਨ ਕਰਨ ਦੇ ਦੋਸ਼ ਲਗਾਏ ਗਏ ਹਨ।
ਸ਼ਿਕਾਇਤਕਰਤਾ ਸੂਰਿਆ ਮੈਥਿਲ ਦਾ ਦੋਸ਼ ਹੈ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਭਗਵਾਨ ਰਾਮ ਲੱਲਾ ਦੀ ਤਸਵੀਰ ਦਾ ਅਪਮਾਨ ਕੀਤਾ ਗਿਆ, ਜਿਸ ਨਾਲ ਸਨਾਤਨ ਧਰਮ ਨੂੰ ਮੰਨਣ ਵਾਲਿਆਂ ਦੀਆਂ ਧਾਰਮਿਕ ਭਾਵਨਾਵਾਂ ਆਹਤ ਹੋਈਆਂ। ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਪ੍ਰਦਰਸ਼ਨ ਨੂੰ ਰਾਹੁਲ ਗਾਂਧੀ, ਡਿੰਪਲ ਯਾਦਵ ਅਤੇ ਅਵਧੇਸ਼ ਪ੍ਰਸਾਦ ਸਮੇਤ INDIA ਗਠਜੋੜ ਦੇ ਕਈ ਸੰਸਦ ਮੈਂਬਰਾਂ ਦਾ ਸਮਰਥਨ ਸੀ।
ਸ਼ੁੱਕਰਵਾਰ ਨੂੰ ਸੰਸਦ ਕੰਪਲੈਕਸ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਨੁੱਕੜ ਨਾਟਕ ਰਾਹੀਂ ਪ੍ਰਤੀਕਾਤਮਕ ਵਿਰੋਧ ਕੀਤਾ। ਇਸ ਦੌਰਾਨ ਪੱਪੂ ਯਾਦਵ ਨੇ ਭਗਵੇਂ ਚੋਲੇ ਨੂੰ ਪਹਿਨ ਕੇ ਪੁਜਾਰੀ ਦੀ ਭੂਮਿਕਾ ਵਿੱਚ ਨਜ਼ਰ ਆਏ। ਨਾਟਕ ਵਿੱਚ ਦਿਖਾਇਆ ਗਿਆ ਕਿ ਸ਼ਰਧਾਲੂ ਦਾਨ ਬਕਸੇ ਵਿੱਚ ਪੈਸੇ ਪਾ ਰਹੇ ਹਨ ਅਤੇ ਪੁਜਾਰੀ ਉਹ ਪੈਸੇ ਆਪਣੀ ਜੇਬ ਵਿੱਚ ਪਾ ਰਿਹਾ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨ ਅਯੁੱਧਿਆ ਵਿੱਚ ਦਾਨ ਸਬੰਧੀ ਕਥਿਤ ਬੇਨਿਯਮੀਆਂ ਵੱਲ ਧਿਆਨ ਖਿੱਚਣ ਲਈ ਕੀਤਾ ਗਿਆ ਸੀ।
ਦੂਜੇ ਪਾਸੇ, ਲੋਕ ਸਭਾ ਸਕੱਤਰੇਤ ਨੇ ਸੰਸਦ ਕੰਪਲੈਕਸ ਵਿੱਚ ਪਹਿਰਾਵੇ-ਅਧਾਰਿਤ ਅਤੇ ਨਾਟਕੀ ਪ੍ਰਦਰਸ਼ਨਾਂ ‘ਤੇ ਸਖ਼ਤ ਰੁਖ਼ ਅਪਣਾਉਣ ਦੇ ਸੰਕੇਤ ਦਿੱਤੇ ਹਨ। ਜਾਣਕਾਰੀ ਮੁਤਾਬਕ, ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਇਸ ਘਟਨਾ ‘ਤੇ ਨਾਰਾਜ਼ਗੀ ਜਤਾਈ ਹੈ ਅਤੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਗੱਲ ਕਹੀ ਗਈ ਹੈ।
ਉੱਧਰ, ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਧਰਮਿੰਦਰ ਯਾਦਵ ਨੇ ਕਿਹਾ ਕਿ ਇਹ ਸਿਰਫ਼ ਇੱਕ ਪ੍ਰਤੀਕਾਤਮਕ ਵਿਰੋਧ ਸੀ, ਜਿਸ ਦਾ ਮਕਸਦ ਰਾਮ ਮੰਦਰ ਦਾਨ ਨਾਲ ਜੁੜੇ ਕਥਿਤ ਦੋਸ਼ਾਂ ‘ਤੇ ਚਰਚਾ ਦੀ ਮੰਗ ਕਰਨਾ ਸੀ। ਇਸੇ ਵਿਚਕਾਰ, ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਵਿਰੋਧੀ ਧਿਰ ਦੀ ਕਾਰਵਾਈ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਇਹ ਸਨਾਤਨ ਧਰਮ ਦਾ ਅਪਮਾਨ ਹੈ ਅਤੇ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਲੋਕ ਸਵੀਕਾਰ ਨਹੀਂ ਕਰਨਗੇ।
