ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਮੁਲਜ਼ਮ 11 ਪਿਸਤੌਲਾਂ ਸਮੇਤ ਗ੍ਰਿਫ਼ਤਾਰ
Amritsar Drug Smuggling Case; ਪੁਲਿਸ ਨੇ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵੱਖ-ਵੱਖ ਬੋਰ ਦੇ 11 ਪਿਸਤੌਲ ਬਰਾਮਦ ਕੀਤੇ ਗਏ ਹਨ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਸਰਹੱਦੀ ਇਲਾਕੇ ਤੋਂ ਨਾਜਾਇਜ਼ ਹਥਿਆਰਾਂ ਦੀ ਖੇਪ ਲਿਆ ਕੇ ਵੱਖ-ਵੱਖ ਥਾਵਾਂ ‘ਤੇ ਸਪਲਾਈ ਕਰਦਾ ਸੀ।
ਸੀਨੀਅਰ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਉਮਰ ਵੱਖ-ਵੱਖ ਹੈ। ਇਨ੍ਹਾਂ ਵਿੱਚ ਇੱਕ ਮੁਲਜ਼ਮ 19 ਸਾਲ ਦਾ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਉਮਰ ਲਗਭਗ 24 ਤੋਂ 27 ਸਾਲ ਦੇ ਵਿਚਕਾਰ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗਿਰੋਹ ਵੱਲੋਂ ਸਰਹੱਦੀ ਇਲਾਕੇ ਤੋਂ ਹਥਿਆਰ ਲਿਆਉਣ ਅਤੇ ਅੱਗੇ ਸਪਲਾਈ ਕਰਨ ਦਾ ਇਹ ਤੀਜਾ ਗੇੜ ਸੀ। ਪੁਲਿਸ ਮੁਤਾਬਕ ਇਸ ਤੋਂ ਪਹਿਲਾਂ ਵੀ ਗਿਰੋਹ ਵੱਲੋਂ ਹਥਿਆਰਾਂ ਦੀਆਂ ਕਈ ਖੇਪਾਂ ਸਪਲਾਈ ਕੀਤੀਆਂ ਗਈਆਂ ਸਨ।
ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਭਾਲ ਜਾਰੀ
ਪੁਲਿਸ ਟੀਮ ਹੁਣ ਇਸ ਨੈੱਟਵਰਕ ਨਾਲ ਜੁੜੇ ਹੋਰ ਸੰਪਰਕਾਂ, ਹਥਿਆਰ ਸਪਲਾਈ ਕਰਨ ਵਾਲਿਆਂ ਅਤੇ ਖਰੀਦਦਾਰਾਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਇਸ ਸਬੰਧੀ ਸ਼ੱਕੀ ਟਿਕਾਣਿਆਂ ‘ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗਿਰੋਹ ਨਾਲ ਜੁੜੇ ਹੋਰ ਲੋਕਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ ਅਤੇ ਹੋਰ ਹਥਿਆਰ ਵੀ ਬਰਾਮਦ ਹੋਣ ਦੀ ਸੰਭਾਵਨਾ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।
ਅਦਾਕਾਰ ਨਾਲ ਜੁੜੇ ਮਾਮਲੇ ਬਾਰੇ ਅਧਿਕਾਰੀ ਨੇ ਕੀ ਕਿਹਾ?
ਮੀਡੀਆ ਵੱਲੋਂ ਅਦਾਕਾਰ ਨਾਲ ਜੁੜੇ ਹਾਲੀਆ ਘਟਨਾਕ੍ਰਮ ਬਾਰੇ ਪੁੱਛੇ ਸਵਾਲ ‘ਤੇ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਸਬੰਧਤ ਜਾਂਚ ਏਜੰਸੀ ਵੱਲੋਂ ਹਾਲੇ ਤੱਕ ਕੋਈ ਅਧਿਕਾਰਤ ਰਿਪੋਰਟ ਜਾਂ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਕੋਈ ਜਾਣਕਾਰੀ ਮਿਲੇਗੀ, ਉਸ ਦੇ ਆਧਾਰ ‘ਤੇ ਨਿਯਮਾਂ ਅਨੁਸਾਰ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।