ਸਾਊਦੀ ਅਰਬ ਦੀ ਜੇਲ੍ਹ ’ਚ ਬੰਦ ਪੰਜਾਬ ਦੇ ਦੋ ਨੌਜਵਾਨਾਂ ਦੀ ਫਾਂਸੀ ਦੀ ਸਜ਼ਾ ਟਲੀ
- ਪਿੰਡ ਬਰਸਾਲਪੁਰ ਦੇ ਗੁਰਦੀਪ ਸਿੰਘ ਅਤੇ ਮਾਣਕੀ ਦੇ ਸੁਖਚੈਨ ਸਿੰਘ ਨੂੰ ਮਿਲੀ ਰਾਹਤ
ਚੰਡੀਗੜ੍ਹ: ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਪੰਜਾਬ ਦੇ ਦੋ ਨੌਜਵਾਨਾਂ ਦੀ ਫਾਂਸੀ ਦੀ ਸਜ਼ਾ ਫਿਲਹਾਲ ਟਲ ਗਈ ਹੈ। ਇਨ੍ਹਾਂ ਵਿੱਚ ਪਿੰਡ ਬਰਸਾਲਪੁਰ ਦੇ ਰਹਿਣ ਵਾਲੇ ਗੁਰਦੀਪ ਸਿੰਘ ਅਤੇ ਸਮਰਾਲਾ ਨੇੜਲੇ ਪਿੰਡ ਮਾਣਕੀ ਦੇ ਸੁਖਚੈਨ ਸਿੰਘ ਸ਼ਾਮਲ ਹਨ। ਭਾਜਪਾ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੁੱਖ ਸੇਵਾਦਾਰ ਮੇਜਰ ਅੰਜੂ ਬਾਲਾ ਦੇ ਯਤਨਾਂ ਤੋਂ ਬਾਅਦ ਦੋਵਾਂ ਨੂੰ ਇਹ ਰਾਹਤ ਮਿਲਣ ਦੀ ਗੱਲ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ, ਦੋਵੇਂ ਨੌਜਵਾਨ ਕਿਸੇ ਗੰਭੀਰ ਮਾਮਲੇ ਵਿੱਚ ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਸਨ। ਉੱਥੋਂ ਦੇ ਕਾਨੂੰਨ ਤਹਿਤ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਇਸ ਖ਼ਬਰ ਤੋਂ ਬਾਅਦ ਦੋਵਾਂ ਪਰਿਵਾਰਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਪਰਿਵਾਰ ਲਗਾਤਾਰ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਨੌਜਵਾਨਾਂ ਦੀ ਜਾਨ ਬਚਾਉਣ ਲਈ ਮਦਦ ਦੀ ਅਪੀਲ ਕਰ ਰਹੇ ਸਨ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਭਾਜਪਾ ਆਗੂ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਇਹ ਮਾਮਲਾ ਉੱਚ ਪੱਧਰ ’ਤੇ ਉਠਾਇਆ ਅਤੇ ਸਬੰਧਤ ਅਧਿਕਾਰੀਆਂ ਤੇ ਕੇਂਦਰੀ ਮੰਤਰਾਲਿਆਂ ਨਾਲ ਸੰਪਰਕ ਕਰਕੇ ਕੂਟਨੀਤਕ ਪੱਧਰ ’ਤੇ ਦੋਵਾਂ ਨੌਜਵਾਨਾਂ ਨੂੰ ਰਾਹਤ ਦਿਵਾਉਣ ਦੇ ਯਤਨ ਕੀਤੇ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਯਤਨਾਂ ਅਤੇ ਕੂਟਨੀਤਕ ਪੱਧਰ ’ਤੇ ਕੀਤੀ ਗਈ ਪੈਰਵੀ ਤੋਂ ਬਾਅਦ ਦੋਵਾਂ ਦੀ ਫਾਂਸੀ ਦੀ ਸਜ਼ਾ ਫਿਲਹਾਲ ਟਲ ਗਈ ਹੈ। ਇਸ ਖ਼ਬਰ ਨਾਲ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ ਹੈ। ਪੀੜਤ ਪਰਿਵਾਰਾਂ ਨੇ ਮੇਜਰ ਅੰਜੂ ਬਾਲਾ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਕੀਤੇ ਗਏ ਯਤਨਾਂ ਨਾਲ ਉਨ੍ਹਾਂ ਨੂੰ ਵੱਡੀ ਉਮੀਦ ਮਿਲੀ ਹੈ। ਹੁਣ ਪਰਿਵਾਰਾਂ ਨੂੰ ਦੋਵਾਂ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਦੀ ਆਸ ਹੈ।