ਪੰਜਾਬ ਵਿਧਾਨ ਸਭਾ ਹੋਵੇਗੀ ਹਾਈਟੈਕ, ਹੁਣ ਹੱਥ ਖੜ੍ਹੇ ਕਰਕੇ ਨਹੀਂ ਹੋਵੇਗੀ ਵੋਟਿੰਗ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਸੱਤਾਧਿਰ ਅਤੇ ਵਿਰੋਧੀ ਧਿਰ ਵਿਚਾਲੇ ਹੋਣ ਵਾਲੇ ਹੰਗਾਮੇ ਅਤੇ ਮਾਈਕ ਨੂੰ ਲੈ ਕੇ ਹੁੰਦੀ ਖਿੱਚੋਤਾਣ ਦੀਆਂ ਤਸਵੀਰਾਂ ਹੁਣ ਪੁਰਾਣੀਆਂ ਹੋਣ ਜਾ ਰਹੀਆਂ ਹਨ। ਵਿਧਾਨ ਸਭਾ ਦੇ ਮੁੱਖ ਅਸੈਂਬਲੀ ਚੈਂਬਰ ਨੂੰ ਹਾਈਟੈਕ ਅਤੇ ਡਿਜੀਟਲ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਵੀਂ ਵਿਵਸਥਾ ਲਾਗੂ ਹੋਣ ਤੋਂ ਬਾਅਦ ਸਦਨ ਵਿੱਚ ਹੱਥ ਖੜ੍ਹੇ ਕਰਕੇ ਵੋਟਿੰਗ ਨਹੀਂ ਹੋਵੇਗੀ, ਸਗੋਂ ਡਿਜੀਟਲ ਤਰੀਕੇ ਨਾਲ ਫੈਸਲੇ ਲਏ ਜਾਣਗੇ। ਪੰਜਾਬ ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨਾਲੋਜੀ ਕਾਰਪੋਰੇਸ਼ਨ ਲਿਮਟਿਡ ਵੱਲੋਂ ਸਦਨ ਵਿੱਚ ਅਤਿ-ਆਧੁਨਿਕ ਡਿਜੀਟਲ ਆਡੀਓ ਅਤੇ ਮਾਈਕ੍ਰੋ ਵੀਡੀਓ ਸਿਸਟਮ ਲਗਾਇਆ ਜਾਵੇਗਾ। ਇਸ ਨਾਲ ਸਦਨ ਦੀ ਕਾਰਵਾਈ, ਬਹਿਸਾਂ ਅਤੇ ਮੈਂਬਰਾਂ ਦੇ ਵਿਚਾਰਾਂ ਨੂੰ ਸਪੱਸ਼ਟ ਤਰੀਕੇ ਨਾਲ ਰਿਕਾਰਡ ਕੀਤਾ ਜਾ ਸਕੇਗਾ।
ਹੁਣ ਡਿਜੀਟਲ ਬਟਨ ਨਾਲ ਹੋਵੇਗੀ ਵੋਟਿੰਗ
ਨਵਾਂ ਸਿਸਟਮ ਲਾਗੂ ਹੋਣ ਤੋਂ ਬਾਅਦ ਵਿਧਾਇਕਾਂ ਦੀਆਂ ਸੀਟਾਂ ’ਤੇ ਲੱਗੇ ਡਿਜੀਟਲ ਕੰਸੋਲ ਦੇ ਬਟਨ ਦਬਾ ਕੇ ਵੋਟਿੰਗ ਕੀਤੀ ਜਾਵੇਗੀ। ਵੋਟਿੰਗ ਦੇ ਨਤੀਜੇ ਕੁਝ ਹੀ ਸਕਿੰਟਾਂ ਵਿੱਚ ਡਿਸਪਲੇ ਬੋਰਡ ’ਤੇ ਦਿਖਾਈ ਦੇਣਗੇ। ਇਸ ਨਾਲ ਫੈਸਲਿਆਂ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਆਉਣ ਦੀ ਉਮੀਦ ਹੈ। ਇਹ ਇੱਕ ਆਧੁਨਿਕ ਅਤੇ ਕੇਂਦਰੀਕ੍ਰਿਤ ਡਿਜੀਟਲ ਆਡੀਓ ਕਾਨਫਰੰਸ ਨੈੱਟਵਰਕ ਹੋਵੇਗਾ। ਇਸ ਤਹਿਤ ਵਿਧਾਨ ਸਭਾ ਦੇ ਸਪੀਕਰ, ਮੁੱਖ ਮੰਤਰੀ, ਮੰਤਰੀਆਂ ਅਤੇ ਵਿਧਾਇਕਾਂ ਦੀਆਂ ਸੀਟਾਂ ’ਤੇ ਡਿਜੀਟਲ ਮਾਈਕ੍ਰੋਫੋਨ ਯੂਨਿਟਾਂ ਅਤੇ ਆਡੀਓ ਕੰਸੋਲ ਲਗਾਏ ਜਾਣਗੇ।
ਇਹ ਸਿਰਫ਼ ਸਾਊਂਡ ਸਿਸਟਮ ਨਹੀਂ ਹੋਵੇਗਾ, ਸਗੋਂ ਇੱਕ ਅਜਿਹਾ ਏਕੀਕ੍ਰਿਤ ਡਿਜੀਟਲ ਨੈੱਟਵਰਕ ਹੋਵੇਗਾ, ਜੋ ਆਡੀਓ ਸਿਗਨਲ, ਰਿਕਾਰਡਿੰਗ, ਟ੍ਰਾਂਸਕ੍ਰਿਪਸ਼ਨ ਅਤੇ ਸਦਨ ਦੇ ਪ੍ਰਸਾਰਣ ਨੂੰ ਸਿੱਧੇ ਕੰਪਿਊਟਰ ਸਰਵਰ ਨਾਲ ਜੋੜੇਗਾ। ਨਵੇਂ ਡਿਜੀਟਲ ਮਾਈਕ ਵਿੱਚ ਅਜਿਹੀ ਤਕਨੀਕ ਹੋਵੇਗੀ, ਜੋ ਸਬੰਧਤ ਸੀਟ ’ਤੇ ਬੈਠੇ ਮੈਂਬਰ ਦੀ ਆਵਾਜ਼ ਨੂੰ ਸਪੱਸ਼ਟ ਤਰੀਕੇ ਨਾਲ ਰਿਕਾਰਡ ਕਰੇਗੀ।
ਹੰਗਾਮੇ ਦੌਰਾਨ ਵੀ ਬਹਿਸ ਦੀ ਰਿਕਾਰਡਿੰਗ ਹੋਵੇਗੀ ਸਪੱਸ਼ਟ
ਨਵੀਂ ਵਿਵਸਥਾ ਤਹਿਤ ਸਦਨ ਦੇ ਵਿਚਕਾਰ ਆ ਕੇ ਨਾਅਰੇਬਾਜ਼ੀ ਕਰਨ ਦੀ ਆਵਾਜ਼ ਮੁੱਖ ਸਪੀਕਰਾਂ ਅਤੇ ਅਧਿਕਾਰਤ ਆਡੀਓ ਰਿਕਾਰਡਿੰਗ ਵਿੱਚ ਨਹੀਂ ਗੂੰਜੇਗੀ। ਸੈਸ਼ਨ ਦੌਰਾਨ ਬਹਿਸ, ਪ੍ਰਸ਼ਨ ਕਾਲ ਅਤੇ ਮੈਂਬਰਾਂ ਦੇ ਬਿਆਨਾਂ ਦੀ ਸਪੱਸ਼ਟ ਆਡੀਓ ਰਿਕਾਰਡਿੰਗ ਸਿੱਧੀ ਸਰਵਰ ਵਿੱਚ ਸੁਰੱਖਿਅਤ ਕੀਤੀ ਜਾਵੇਗੀ। ਇਸ ਰਿਕਾਰਡਿੰਗ ਨੂੰ ਤੁਰੰਤ ਲਿਖਤੀ ਰੂਪ ਵਿੱਚ ਵੀ ਬਦਲਿਆ ਜਾ ਸਕੇਗਾ।
ਵਿਧਾਨ ਸਭਾ ਦੇ ਸਕੱਤਰ ਰਾਮ ਲੋਕ ਖਟਾਨਾ ਨੇ ਦੱਸਿਆ ਕਿ ਇਹ ਅਤਿ-ਆਧੁਨਿਕ ਡਿਜੀਟਲ ਆਡੀਓ ਅਤੇ ਮਾਈਕ੍ਰੋ ਵੀਡੀਓ ਸਿਸਟਮ ਹੋਵੇਗਾ, ਜਿਸ ਨਾਲ ਸਦਨ ਦੀ ਕਾਰਵਾਈ ਵਿੱਚ ਕਈ ਬਦਲਾਅ ਆਉਣਗੇ। ਨਿਯਮਾਂ ਮੁਤਾਬਕ, ਅਸੈਂਬਲੀ ਚੈਂਬਰ ਵਿੱਚ ਹਾਈਟੈਕ ਡਿਜੀਟਲ ਬੁਨਿਆਦੀ ਢਾਂਚਾ ਸਥਾਪਤ ਹੋਣ ਤੋਂ ਬਾਅਦ ਅਗਲੇ 1,830 ਦਿਨਾਂ (ਕਰੀਬ ਪੰਜ ਸਾਲ) ਤੱਕ ਇਸ ਦੇ ਸੰਚਾਲਨ, ਟੈਸਟਿੰਗ ਅਤੇ ਤਕਨੀਕੀ ਰੱਖ-ਰਖਾਅ ਦੀ ਜ਼ਿੰਮੇਵਾਰੀ ਮਾਹਿਰਾਂ ਦੀ ਟੀਮ ਕੋਲ ਰਹੇਗੀ।