ਗੈਸ ਸਿਲੰਡਰ ਦੀ ਬੁਕਿੰਗ ‘ਚ ਦੇਰੀ ਮਾਮਲੇ; ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ
Punjab Haryana High Court: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੈਸ ਸਿਲੰਡਰਾਂ ਦੀ ਬੁਕਿੰਗ ਵਿੱਚ ਹੋ ਰਹੀ ਬੇਲੋੜੀ ਦੇਰੀ ਅਤੇ ਤਕਨੀਕੀ ਨਿਯਮਾਂ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਇਹ ਮਾਮਲਾ ਐਡਵੋਕੇਟ ਭਗਤ ਸਿੰਘ ਘੁੰਮਣ ਵੱਲੋਂ ਦਾਇਰ ਕੀਤੀ ਗਈ ਇੱਕ ਪਟੀਸ਼ਨ ਤੋਂ ਬਾਅਦ ਸਾਹਮਣੇ ਆਇਆ ਹੈ।
ਕੀ ਹੈ ਪੂਰਾ ਮਾਮਲਾ?
ਪਟੀਸ਼ਨਰ ਐਡਵੋਕੇਟ ਘੁੰਮਣ ਨੇ ਅਦਾਲਤ ਨੂੰ ਦੱਸਿਆ ਕਿ ਉਹ ਮੋਹਾਲੀ ਜ਼ਿਲ੍ਹੇ ਦੇ ਨਯਾਗਾਓਂ ਨਗਰ ਪ੍ਰੀਸ਼ਦ ਖੇਤਰ ਵਿੱਚ ਰਹਿੰਦੇ ਹਨ। ਨਯਾਗਾਓਂ ਹੁਣ ਇੱਕ ਘੋਸ਼ਿਤ ਸ਼ਹਿਰੀ ਖੇਤਰ ਹੈ, ਪਰ ਉੱਥੇ ਸੇਵਾਵਾਂ ਦੇ ਰਹੀ ‘ਹੇਮਕੁੰਡ ਸਾਹਿਬ ਪੇਂਡੂ ਗੈਸ ਏਜੰਸੀ’ ਅਜੇ ਵੀ ‘ਪੇਂਡੂ ਸ਼੍ਰੇਣੀ’ ਦੇ ਅਧੀਨ ਕੰਮ ਕਰ ਰਹੀ ਹੈ।
ਪਟੀਸ਼ਨਰ ਨੂੰ ਸਿਲੰਡਰ ਬੁੱਕ ਕਰਨ ਵਿੱਚ ਭਾਰੀ ਦਿੱਕਤ ਆ ਰਹੀ ਹੈ। ਉਨ੍ਹਾਂ ਦੱਸਿਆ ਕਿ:
- ਉਹ 25 ਦਿਨ ਬੀਤ ਜਾਣ ਦੇ ਬਾਵਜੂਦ ਨਵਾਂ ਸਿਲੰਡਰ ਬੁੱਕ ਨਹੀਂ ਕਰ ਪਾ ਰਹੇ।
- ਗੈਸ ਦੀ ਕਿੱਲਤ ਕਾਰਨ ਪਿਛਲੇ 10 ਦਿਨਾਂ ਤੋਂ ਉਨ੍ਹਾਂ ਦੇ ਘਰ ਖਾਣਾ ਨਹੀਂ ਪਕਾਇਆ ਗਿਆ ਹੈ।
ਇਹ ਸਮੱਸਿਆ ਸਿਰਫ਼ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਨਯਾਗਾਓਂ ਖੇਤਰ ਦੇ ਵਸਨੀਕਾਂ ਦੀ ਹੈ। ਖੇਤਰ ਦੇ ਸ਼ਹਿਰੀ ਹੋਣ ਦੇ ਬਾਵਜੂਦ ਗੈਸ ਵਿਤਰਕ ਦੇ ਪੇਂਡੂ ਸ਼੍ਰੇਣੀ ਵਿੱਚ ਹੋਣ ਕਾਰਨ ਸਪਲਾਈ ਅਤੇ ਬੁਕਿੰਗ ਦੇ ਨਿਯਮਾਂ ਵਿੱਚ ਤਾਲਮੇਲ ਨਹੀਂ ਬੈਠ ਰਿਹਾ, ਜਿਸ ਦਾ ਖ਼ਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਹਾਈ ਕੋਰਟ ਨੇ ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਸਰਕਾਰ ਤੋਂ ਇਸ ‘ਤੇ ਸਪੱਸ਼ਟੀਕਰਨ ਮੰਗਿਆ ਹੈ।