ਦਿੱਲੀ ਜਲ ਬੋਰਡ ਟੈਂਡਰ ਮਾਮਲਾ: ਸਤਿੰਦਰ ਜੈਨ ਦੀ ਜ਼ਮਾਨਤ ਪਟੀਸ਼ਨ ‘ਤੇ ਫੈਸਲਾ 3 ਸਤੰਬਰ ਤੱਕ ਸੁਰੱਖਿਅਤ
Satyendar Jain DJB corruption case; ਦਿੱਲੀ ਜਲ ਬੋਰਡ (DJB) ਦੇ ਸੀਵਰੇਜ ਟ੍ਰੀਟਮੈਂਟ ਪਲਾਂਟ (STP) ਟੈਂਡਰ ਵਿੱਚ ਕਥਿਤ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ (AAP) ਆਗੂ ਅਤੇ ਸਾਬਕਾ ਮੰਤਰੀ ਸਤਿੰਦਰ ਜੈਨ ਨੂੰ ਰਾਊਜ਼ ਐਵੇਨਿਊ ਕੋਰਟ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਤੋਂ ਬਾਅਦ ਫੈਸਲਾ 3 ਸਤੰਬਰ ਤੱਕ ਸੁਰੱਖਿਅਤ ਰੱਖ ਲਿਆ ਹੈ।
ਐਂਟੀ ਕਰਪਸ਼ਨ ਬ੍ਰਾਂਚ (ACB) ਨੇ 18 ਅਗਸਤ ਨੂੰ ਸਤਿੰਦਰ ਜੈਨ ਸਮੇਤ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਦਾਲਤ ਨੇ ਸਤਿੰਦਰ ਜੈਨ ਸਮੇਤ ਪੰਜ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।
ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਸਾਬਕਾ ਮੰਤਰੀ ਸਤਿੰਦਰ ਜੈਨ, ਦਿੱਲੀ ਜਲ ਬੋਰਡ ਦੇ ਸਾਬਕਾ CEO ਉਦਿਤ ਪ੍ਰਕਾਸ਼ ਰਾਏ, ਨਾਗੇਂਦਰ ਯਾਦਵ, ਰਾਜਾ ਕੁਮਾਰ ਕੁਰਰਾ ਅਤੇ ਪੰਕਜ ਵਰਮਾ ਸ਼ਾਮਲ ਹਨ। ਜਦਕਿ ਜਲ ਬੋਰਡ ਦੇ ਸਾਬਕਾ ਕਾਂਟ੍ਰੈਕਟ ਸਲਾਹਕਾਰ ਅੰਕਿਤ ਸ਼੍ਰੀਵਾਸਤਵ ਨੂੰ ਅਦਾਲਤ ਨੇ 2 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜਿਆ ਹੈ।
ACB ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਜਾਂਚ ਲਈ ਅੰਕਿਤ ਸ਼੍ਰੀਵਾਸਤਵ ਤੋਂ ਹੋਰ ਪੁੱਛਗਿੱਛ ਅਤੇ ਸਬੂਤ ਇਕੱਠੇ ਕਰਨ ਦੀ ਲੋੜ ਹੈ।
ਸਤਿੰਦਰ ਜੈਨ ਦੇ ਵਕੀਲ ਨੇ ਗ੍ਰਿਫ਼ਤਾਰੀ ‘ਤੇ ਚੁੱਕੇ ਸਵਾਲ
ਸੁਣਵਾਈ ਦੌਰਾਨ ਸਤਿੰਦਰ ਜੈਨ ਦੇ ਵਕੀਲ ਨੇ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ FIR ਦਰਜ ਹੋਣ ਤੋਂ ਕਾਫੀ ਸਮੇਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸੇ ਮਾਮਲੇ ਵਿੱਚ ED ਨੇ ਬਿਨਾਂ ਗ੍ਰਿਫ਼ਤਾਰੀ ਚਾਰਜਸ਼ੀਟ ਦਾਖਲ ਕੀਤੀ ਸੀ ਅਤੇ ਮੌਜੂਦਾ ਗ੍ਰਿਫ਼ਤਾਰੀ ਲਈ ਕੋਈ ਠੋਸ ਆਧਾਰ ਨਹੀਂ ਹੈ।
ਉਦਿਤ ਪ੍ਰਕਾਸ਼ ਰਾਏ ਦੇ ਵਕੀਲ ਨੇ ਵੀ ਗ੍ਰਿਫ਼ਤਾਰੀ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਇਸ ਸਮੇਂ ਮਿਜ਼ੋਰਮ ਸਰਕਾਰ ਵਿੱਚ ਸਕੱਤਰ ਦੇ ਅਹੁਦੇ ‘ਤੇ ਤਾਇਨਾਤ ਹਨ। ਹੋਰ ਮੁਲਜ਼ਮਾਂ ਦੇ ਵਕੀਲਾਂ ਨੇ ਵੀ ਗ੍ਰਿਫ਼ਤਾਰੀ ਦੇ ਆਧਾਰ ‘ਤੇ ਸਵਾਲ ਚੁੱਕੇ।
ਹਾਲਾਂਕਿ ਅਦਾਲਤ ਨੇ ACB ਦੀਆਂ ਦਲੀਲਾਂ ਨੂੰ ਮਨਜ਼ੂਰ ਕਰਦਿਆਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਅਤੇ ਪੁਲਿਸ ਕਸਟਡੀ ਦੇ ਹੁਕਮ ਦਿੱਤੇ ਹਨ।
