ਪੰਜਾਬ-ਚੰਡੀਗੜ੍ਹ ’ਚ ਦੋ ਦਿਨ ਸੰਘਣੀ ਧੁੰਦ ਦੀ ਸੰਭਾਵਨਾ, ਰਾਤ ਦਾ ਪਾਰਾ ਡਿੱਗਣ ਲੱਗਾ
ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਵਿੱਚ ਅਗਲੇ ਦੋ ਦਿਨ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 26 ਨਵੰਬਰ ਤੱਕ ਮੌਸਮ ਖੁਸ਼ਕ ਰਹਿਣ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ ਅਗਲੇ 2 ਤੋਂ 3 ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਕਰੀਬ 2 ਡਿਗਰੀ ਦੀ ਗਿਰਾਵਟ ਆ ਸਕਦੀ ਹੈ, ਜਿਸ ਨਾਲ ਸਵੇਰ ਅਤੇ ਰਾਤ ਵੇਲੇ ਠੰਢ ਵਧੇਗੀ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਘੱਟੋ-ਘੱਟ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਇਆ ਅਤੇ ਇਹ ਆਮ ਦੇ ਨੇੜੇ ਬਣਿਆ ਹੋਇਆ ਹੈ। ਫਰੀਦਕੋਟ ਵਿੱਚ ਸਭ ਤੋਂ ਘੱਟ 7.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਨ੍ਹੀਂ ਦਿਨੀਂ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਕਾਫ਼ੀ ਫਰਕ ਦੇਖਣ ਨੂੰ ਮਿਲ ਰਿਹਾ ਹੈ। ਦੁਪਹਿਰ ਸਮੇਂ ਤੇਜ਼ ਧੁੱਪ ਕਾਰਨ ਪਾਰਾ 30 ਡਿਗਰੀ ਤੱਕ ਪਹੁੰਚ ਰਿਹਾ ਹੈ, ਜਦਕਿ ਰਾਤ ਨੂੰ ਤਾਪਮਾਨ 7 ਡਿਗਰੀ ਦੇ ਨੇੜੇ ਆ ਜਾਂਦਾ ਹੈ।
ਫਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 28.6 ਡਿਗਰੀ ਅਤੇ ਘੱਟੋ-ਘੱਟ 7.2 ਡਿਗਰੀ ਦਰਜ ਕੀਤਾ ਗਿਆ। ਇੱਥੇ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਸਭ ਤੋਂ ਵੱਧ 21.4 ਡਿਗਰੀ ਦਾ ਅੰਤਰ ਰਿਹਾ। ਲੁਧਿਆਣਾ ਅਤੇ ਬਠਿੰਡਾ ਵਿੱਚ ਵੀ ਇਹ ਫਰਕ 20.6 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਦਿਨ ਦਾ ਤਾਪਮਾਨ 30.1 ਡਿਗਰੀ ਅਤੇ ਰਾਤ ਦਾ 10.6 ਡਿਗਰੀ ਰਿਹਾ, ਜਦਕਿ ਮੋਹਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ 29.1 ਅਤੇ ਘੱਟੋ-ਘੱਟ 13 ਡਿਗਰੀ ਦਰਜ ਕੀਤਾ ਗਿਆ। ਇਸ ਕਾਰਨ ਦੁਪਹਿਰ ਸਮੇਂ ਗਰਮੀ ਅਤੇ ਸਵੇਰ-ਰਾਤ ਨੂੰ ਠੰਢ ਮਹਿਸੂਸ ਹੋ ਰਹੀ ਹੈ।
ਉੱਤਰੀ ਹਵਾਵਾਂ ਨਾਲ ਵਧੇਗੀ ਠੰਢ
ਮੌਸਮ ਵਿਭਾਗ ਅਨੁਸਾਰ ਉੱਤਰ-ਪੱਛਮੀ ਭਾਰਤ ਵਿੱਚ ਨਵਾਂ ਪੱਛਮੀ ਗੜਬੜੀ ਸਿਸਟਮ ਸਰਗਰਮ ਹੋਇਆ ਹੈ, ਜਦਕਿ ਪਹਿਲਾਂ ਵਾਲਾ ਸਿਸਟਮ ਅੱਗੇ ਲੰਘ ਚੁੱਕਾ ਹੈ। ਹਾਲਾਂਕਿ ਨਵੇਂ ਸਿਸਟਮ ਕਾਰਨ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਵਿੱਚ ਕਿਸੇ ਵੱਡੇ ਬਦਲਾਅ ਦੀ ਸੰਭਾਵਨਾ ਨਹੀਂ ਹੈ। ਫਿਲਹਾਲ ਚੱਕਰਵਾਤੀ ਤੂਫ਼ਾਨ ‘ਅਕਵਨ’ ਦੇ ਪ੍ਰਭਾਵ ਕਾਰਨ ਪੂਰਬੀ ਹਵਾਵਾਂ ਚੱਲ ਰਹੀਆਂ ਹਨ। 22 ਨਵੰਬਰ ਤੋਂ ਉੱਤਰੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਠੰਢ ਦਾ ਅਹਿਸਾਸ ਹੋਰ ਵਧੇਗਾ।