ਪਰਵਿੰਦਰ ਝੋਟਾ ਦੀ ਮੌਤ ‘ਤੇ ਭਾਵੁਕ ਹੋਏ ਦਿਲਜੀਤ ਦੋਸਾਂਝ
Diljit Dosanjh gets emotional over Parvinder Jhota’s death: ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਬੀਤੇ ਦਿਨ ਦੇਰ ਸ਼ਾਮ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਆਪਣੇ ਪ੍ਰਸ਼ੰਸਕਾਂ ਨਾਲ ਰੂਬਰੂ ਹੋਏ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਮੌਜੂਦਾ ਹਾਲਾਤ, ਨਸ਼ਿਆਂ ਦੇ ਮੁੱਦੇ ਅਤੇ ਸਿੱਖ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਮੌਤ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ। ਝੋਟਾ ਦੀ ਮੌਤ ਦਾ ਜ਼ਿਕਰ ਆਉਣ ’ਤੇ ਦਿਲਜੀਤ ਭਾਵੁਕ ਹੋ ਗਏ।
ਇਕ ਗੀਤ ਨਾਲ ਖ਼ਤਮ ਨਹੀਂ ਹੋਵੇਗਾ ਨਸ਼ਾ
ਨਸ਼ਿਆਂ ਵਿਰੁੱਧ ਗੀਤ ਗਾਉਣ ਦੀ ਪ੍ਰਸ਼ੰਸਕਾਂ ਦੀ ਮੰਗ ’ਤੇ ਦਿਲਜੀਤ ਨੇ ਕਿਹਾ ਕਿ ਇਸ ਵਿਸ਼ੇ ’ਤੇ ਪਹਿਲਾਂ ਹੀ ਕਈ ਚੰਗੇ ਗੀਤ ਬਣ ਚੁੱਕੇ ਹਨ। ਸਿਰਫ਼ ਇਕ ਗੀਤ ਨਾਲ ਰਾਤੋ-ਰਾਤ ਸਮਾਜ ਵਿੱਚ ਵੱਡਾ ਬਦਲਾਅ ਨਹੀਂ ਲਿਆਂਦਾ ਜਾ ਸਕਦਾ। ਉਨ੍ਹਾਂ ਮੁਤਾਬਕ, ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣਾ ਜ਼ਰੂਰੀ ਹੈ ਅਤੇ ਕਈ ਕਲਾਕਾਰ ਪਹਿਲਾਂ ਹੀ ਇਸ ਮੁੱਦੇ ’ਤੇ ਸੁਨੇਹੇ ਦੇ ਰਹੇ ਹਨ। ਉਨ੍ਹਾਂ ਨੇ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਸਾਰੇ ਕਲਾਕਾਰਾਂ ਦਾ ਧੰਨਵਾਦ ਵੀ ਕੀਤਾ।
ਪਰਵਿੰਦਰ ਝੋਟਾ ਦੀ ਮੌਤ ’ਤੇ ਪ੍ਰਗਟਾਇਆ ਦੁੱਖ
ਲਾਈਵ ਸੈਸ਼ਨ ਦੌਰਾਨ ਜਦੋਂ ਇਕ ਪ੍ਰਸ਼ੰਸਕ ਨੇ ਪਰਵਿੰਦਰ ਸਿੰਘ ਝੋਟਾ ਦੀ ਮੌਤ ਬਾਰੇ ਸਵਾਲ ਕੀਤਾ ਤਾਂ ਦਿਲਜੀਤ ਭਾਵੁਕ ਹੋ ਗਏ। ਉਨ੍ਹਾਂ ਨੇ ਇਸ ਘਟਨਾ ਨੂੰ ਬੇਹੱਦ ਦੁਖਦਾਈ ਦੱਸਦਿਆਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਦਿਲਜੀਤ ਨੇ ਕਿਹਾ ਕਿ ਪਰਵਿੰਦਰ ਜਿਸ ਮੁੱਦੇ ਲਈ ਕੰਮ ਕਰ ਰਹੇ ਸਨ, ਉਹ ਉਨ੍ਹਾਂ ਦੀ ਨਿੱਜੀ ਲੜਾਈ ਨਹੀਂ ਸੀ, ਸਗੋਂ ਇਕ ਵੱਡੇ ਮਕਸਦ ਨਾਲ ਜੁੜਿਆ ਮਾਮਲਾ ਸੀ।
ਜਥੇਦਾਰ ਦੇ ਫ਼ੈਸਲੇ ਦੀ ਕੀਤੀ ਸ਼ਲਾਘਾ
ਦਿਲਜੀਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪਰਵਿੰਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੈ। ਨਾਲ ਹੀ ਉਨ੍ਹਾਂ ਨੇ ਅਰਦਾਸ ਕੀਤੀ ਕਿ ਪਰਵਿੰਦਰ ਦੇ ਪਰਿਵਾਰ ਨੂੰ ਇਨਸਾਫ਼ ਮਿਲੇ। ਉਨ੍ਹਾਂ ਕਿਹਾ ਕਿ ਅੱਜ ਸਾਰਾ ਪੰਜਾਬ ਪਰਿਵਾਰ ਦੇ ਨਾਲ ਖੜ੍ਹਾ ਹੈ ਅਤੇ ਉਹ ਖ਼ੁਦ ਵੀ ਉਨ੍ਹਾਂ ਦੇ ਨਾਲ ਹਨ। ਦਿਲਜੀਤ ਦੇ ਇਸ ਲਾਈਵ ਸੈਸ਼ਨ ਦੀਆਂ ਕਲਿੱਪਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਮੁੱਦਿਆਂ ’ਤੇ ਉਨ੍ਹਾਂ ਦੇ ਵਿਚਾਰਾਂ ਦੀ ਪ੍ਰਸ਼ੰਸਕਾਂ ਵੱਲੋਂ ਚਰਚਾ ਕੀਤੀ ਜਾ ਰਹੀ ਹੈ।