ਬਰਖ਼ਾਸਤ AIG ਰਾਜਜੀਤ ਹੁੰਦਲ ਦੇ ਪੁਲਿਸ ਰਿਮਾਂਡ ‘ਚ ਹੋਰ ਵਾਧਾ
Dismissed AIG Rajjit Hundal remand extend: ਮੋਹਾਲੀ: ਬਰਖ਼ਾਸਤ AIG ਰਾਜਜੀਤ ਸਿੰਘ ਹੁੰਦਲ ਨੂੰ ਮੰਗਲਵਾਰ ਨੂੰ ਰਿਮਾਂਡ ਖ਼ਤਮ ਹੋਣ ਮਗਰੋਂ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹੁੰਦਲ ਦਾ ਪੁਲਿਸ ਰਿਮਾਂਡ 2 ਦਿਨ ਹੋਰ ਵਧਾ ਦਿੱਤਾ ਹੈ। ਹੁਣ ਉਸ ਨੂੰ 8 ਅਕਤੂਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਸੁਣਵਾਈ ਦੌਰਾਨ ANTF ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ। ਜਾਂਚ ਏਜੰਸੀ ਮੁਤਾਬਕ ਹੁੰਦਲ ਤੋਂ ਬੇਨਾਮੀ ਜਾਇਦਾਦਾਂ, ਬੇਨਾਮੀ ਬੈਂਕ ਖਾਤਿਆਂ ਅਤੇ ਹੋਰ ਬੈਂਕ ਖਾਤਿਆਂ ਨਾਲ ਸਬੰਧਤ ਮਾਮਲਿਆਂ ਬਾਰੇ ਪੁੱਛਗਿੱਛ ਕਰਨੀ ਬਾਕੀ ਹੈ।
ਜਾਂਚ ਏਜੰਸੀ ਵੱਲੋਂ ਵਿੱਤੀ ਰਿਕਾਰਡ ਦੀ ਜਾਂਚ ਕਰਕੇ ਮਾਮਲੇ ਨਾਲ ਜੁੜੇ ਲੈਣ-ਦੇਣ ਦੀਆਂ ਕੜੀਆਂ ਖੰਗਾਲੀਆਂ ਜਾ ਰਹੀਆਂ ਹਨ। ANTF ਦਾ ਕਹਿਣਾ ਹੈ ਕਿ ਇਸ ਜਾਂਚ ਰਾਹੀਂ ਕਥਿਤ ਵਿੱਤੀ ਲੈਣ-ਦੇਣ ਅਤੇ ਜਾਇਦਾਦਾਂ ਨਾਲ ਜੁੜੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ।
ਇਹ ਮਾਮਲਾ ਨਵੇਂ NDPS ਕੇਸ ਨਾਲ ਸਬੰਧਤ ਹੈ, ਜਿਸ ਵਿੱਚ ਹੁੰਦਲ ਨੂੰ ਪਹਿਲਾਂ ਅਦਾਲਤ ਪਰਿਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 2017 ਦੀ ਇੱਕ FIR ਨਾਲ ਜੁੜੇ ਮਾਮਲੇ ਵਿੱਚ ਵੀ ਉਸ ਦਾ 4 ਦਿਨ ਦਾ ਰਿਮਾਂਡ ਲਿਆ ਗਿਆ ਸੀ। ਇਹ FIR ਉਸ ਸਮੇਂ ਦੇ ਇੰਸਪੈਕਟਰ ਇੰਦਰਜੀਤ ਸਿੰਘ ਖ਼ਿਲਾਫ਼ ਦਰਜ ਕੀਤੀ ਗਈ ਸੀ।
ਜਾਂਚ ਦੌਰਾਨ ਨਸ਼ਾ ਤਸਕਰਾਂ ਨਾਲ ਕਥਿਤ ਮਿਲੀਭੁਗਤ ਸਮੇਤ ਕਈ ਦੋਸ਼ ਸਾਹਮਣੇ ਆਏ ਸਨ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਅਦਾਲਤੀ ਕਾਰਵਾਈ ਦੌਰਾਨ ਹੋਣੀ ਬਾਕੀ ਹੈ।
