ਅੱਜ ਦੇਸ਼ ਭਰ ‘ਚ ਮਨਾਈ ਜਾਵੇਗੀ ਦੀਵਾਲੀ, ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਵੇਗੀ ਦੀਪਮਾਲਾ
ਅੰਮ੍ਰਿਤਸਰ: ਦੇਸ਼ ਭਰ ਵਿੱਚ ਅੱਜ 8 ਨਵੰਬਰ ਨੂੰ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਘਰਾਂ ਅਤੇ ਬਾਜ਼ਾਰਾਂ ਵਿੱਚ ਖਾਸ ਰੌਣਕ ਦੇਖਣ ਨੂੰ ਮਿਲੇਗੀ। ਹਿੰਦੂ ਧਾਰਮਿਕ ਮਾਨਤਾਵਾਂ ਅਨੁਸਾਰ ਅੱਜ ਲਕਸ਼ਮੀ ਪੂਜਨ ਕੀਤਾ ਜਾਵੇਗਾ। ਅਮਾਵੱਸਿਆ ਤਿਥੀ 8 ਨਵੰਬਰ ਸਵੇਰੇ 11:27 ਵਜੇ ਸ਼ੁਰੂ ਹੋ ਕੇ 9 ਨਵੰਬਰ ਦੁਪਹਿਰ 12:31 ਵਜੇ ਤੱਕ ਰਹੇਗੀ। ਲਕਸ਼ਮੀ ਪੂਜਨ ਲਈ ਸ਼ੁਭ ਸਮਾਂ ਸ਼ਾਮ 5:54 ਤੋਂ 7:50 ਵਜੇ ਤੱਕ ਹੈ। ਇਸ ਤਰ੍ਹਾਂ ਪੂਜਾ ਲਈ ਕੁੱਲ 1 ਘੰਟਾ 54 ਮਿੰਟ ਦਾ ਸਮਾਂ ਮਿਲੇਗਾ।
ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਵੇਗੀ ਵਿਸ਼ਾਲ ਦੀਪਮਾਲਾ
ਅੰਮ੍ਰਿਤਸਰ : ਸਿੱਖ ਧਰਮ ਦਾ ਮਹੱਤਵਪੂਰਨ ਇਤਿਹਾਸਕ ਅਤੇ ਧਾਰਮਿਕ ਦਿਹਾੜਾ ਬੰਦੀ ਛੋੜ ਦਿਵਸ ਵੀ ਅੱਜ 8 ਨਵੰਬਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਹ ਦਿਹਾੜਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਈ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਤਿਹਾਸ ਅਨੁਸਾਰ ਛੇਵੇਂ ਪਾਤਸ਼ਾਹ ਨੇ ਆਪਣੀ ਰਿਹਾਈ ਦੇ ਨਾਲ 52 ਹੋਰ ਰਾਜਿਆਂ ਨੂੰ ਵੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਕਰਵਾਇਆ ਸੀ। ਇਸੇ ਕਰਕੇ ਇਸ ਦਿਹਾੜੇ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਪਵਿੱਤਰ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਸ਼ਾਨਦਾਰ ਦੀਪਮਾਲਾ ਕੀਤੀ ਜਾਵੇਗੀ। ਗੁਰੂ ਘਰ ਨੂੰ ਦੀਵਿਆਂ ਅਤੇ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਸਜਾਇਆ ਜਾਵੇਗਾ। ਇਸ ਇਤਿਹਾਸਕ ਦਿਹਾੜੇ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂਆਂ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਣ ਦੀ ਉਮੀਦ ਹੈ।
ਦਿੱਲੀ ‘ਚ ਪਟਾਕੇ ਚਲਾਉਣ ਲਈ ਤਿੰਨ ਘੰਟੇ ਤੈਅ
ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਦਿੱਲੀ ਵਿੱਚ 8 ਨਵੰਬਰ ਨੂੰ ਸਿਰਫ਼ ਪ੍ਰਮਾਣਿਤ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਇਜਾਜ਼ਤ ਅੱਜ ਲਈ ਹੀ ਹੈ ਅਤੇ 9 ਨਵੰਬਰ ਤੋਂ ਪਟਾਕਿਆਂ ‘ਤੇ ਮੁੜ ਪੂਰੀ ਤਰ੍ਹਾਂ ਪਾਬੰਦੀ ਲਾਗੂ ਹੋ ਜਾਵੇਗੀ। ਪ੍ਰਸ਼ਾਸਨ ਵੱਲੋਂ ਪਟਾਕੇ ਚਲਾਉਣ ਲਈ ਤਿੰਨ ਘੰਟਿਆਂ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇਸ ਤਹਿਤ ਸਵੇਰੇ 6 ਤੋਂ 7 ਵਜੇ ਤੱਕ ਅਤੇ ਰਾਤ 8 ਤੋਂ 10 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ। ਇਸ ਤੋਂ ਇਲਾਵਾ ਹਸਪਤਾਲਾਂ, ਸਿੱਖਿਆ ਸੰਸਥਾਵਾਂ, ਨਰਸਿੰਗ ਹੋਮ ਅਤੇ ਬਿਰਧ ਆਸ਼ਰਮਾਂ ਦੇ 300 ਮੀਟਰ ਦੇ ਘੇਰੇ ਵਿੱਚ ਪਟਾਕੇ ਚਲਾਉਣ ‘ਤੇ ਪੂਰੀ ਪਾਬੰਦੀ ਰਹੇਗੀ।
ਦੀਵਾਲੀ ਮੌਕੇ ਦਿੱਲੀ ਮੈਟਰੋ ਦੇ ਸਮੇਂ ‘ਚ ਬਦਲਾਅ
ਦੀਵਾਲੀ ਦੇ ਮੱਦੇਨਜ਼ਰ ਦਿੱਲੀ ਮੈਟਰੋ ਦੀ ਸਮਾਂ-ਸਾਰਣੀ ਵਿੱਚ ਵੀ ਤਬਦੀਲੀ ਕੀਤੀ ਗਈ ਹੈ। 8 ਨਵੰਬਰ ਨੂੰ ਸਾਰੀਆਂ ਲਾਈਨਾਂ ‘ਤੇ ਆਖਰੀ ਮੈਟਰੋ ਰੇਲ ਟਰਮੀਨਲ ਸਟੇਸ਼ਨਾਂ ਤੋਂ ਰਾਤ 11 ਵਜੇ ਦੀ ਬਜਾਏ 10 ਵਜੇ ਰਵਾਨਾ ਹੋਵੇਗੀ। ਇਸ ਤੋਂ ਇਲਾਵਾ ਤਿੰਨ ਪ੍ਰਮੁੱਖ ਲਾਈਨਾਂ ‘ਤੇ ਸਵੇਰ ਦੀਆਂ ਸੇਵਾਵਾਂ ਆਮ ਸਮੇਂ ਨਾਲੋਂ ਇੱਕ ਘੰਟਾ ਪਹਿਲਾਂ ਸ਼ੁਰੂ ਹੋਣਗੀਆਂ।