ਭਾਰਤ-ਪਾਕਿ ਸਰਹੱਦ ‘ਤੇ ਨਸ਼ਾ ਤਸਕਰਾਂ ਨੂੰ ਵੱਡਾ ਝਟਕਾ, ਕਰੋੜਾਂ ਦੀ ਹੈਰੋਇਨ ਬਰਾਮਦ
Amritsar Border; ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਬੀਐਸਐਫ (BSF) ਨੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਬੀਐਸਐਫ ਦੀ 181 ਬਟਾਲੀਅਨ ਵੱਲੋਂ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ ਘਰਿੰਡਾ ਅਧੀਨ ਸਰਹੱਦੀ ਇਲਾਕੇ ਵਿੱਚ ਬੀਓਪੀ (BOP) ਨੇੜੇ ਵਿਸ਼ੇਸ਼ ਸਰਚ ਆਪ੍ਰੇਸ਼ਨ ਚਲਾਇਆ ਗਿਆ।
ਤਲਾਸ਼ੀ ਦੌਰਾਨ ਪੁਲਿਸ ਅਤੇ ਬੀਐਸਐਫ ਦੀ ਸਾਂਝੀ ਟੀਮ ਨੇ ਕੁੱਲ 8 ਪੈਕੇਟ ਬਰਾਮਦ ਕੀਤੇ। ਜਾਂਚ ਕਰਨ ‘ਤੇ ਇਨ੍ਹਾਂ ਵਿੱਚੋਂ 1 ਕਿਲੋ 251 ਗ੍ਰਾਮ ਹੈਰੋਇਨ ਅਤੇ 617 ਗ੍ਰਾਮ ਪੈਕਿੰਗ ਸਮੱਗਰੀ ਮਿਲੀ। ਪੁਲਿਸ ਮੁਤਾਬਕ ਇਹ ਖੇਪ ਪਾਕਿਸਤਾਨ ਤੋਂ ਤਸਕਰੀ ਦੇ ਉਦੇਸ਼ ਨਾਲ ਭਾਰਤੀ ਸਰਹੱਦ ਵਿੱਚ ਸੁੱਟੀ ਜਾਂ ਪਹੁੰਚਾਈ ਗਈ ਸੀ।
NDPS ਐਕਟ ਤਹਿਤ ਮਾਮਲਾ ਦਰਜ, ਨੈੱਟਵਰਕ ਦੀ ਜਾਂਚ ਸ਼ੁਰੂ
ਬਰਾਮਦਗੀ ਤੋਂ ਬਾਅਦ ਥਾਣਾ ਘਰਿੰਡਾ ਵਿੱਚ ਅਣਪਛਾਤੇ ਤਸਕਰਾਂ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 21-ਸੀ, 61 ਅਤੇ 85 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਹੈਰੋਇਨ ਅਤੇ ਪੈਕਿੰਗ ਸਮੱਗਰੀ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦਾ ਮੰਨਣਾ ਹੈ ਕਿ ਬਰਾਮਦ ਹੋਈ ਪੈਕਿੰਗ ਸਮੱਗਰੀ ਤੋਂ ਤਸਕਰਾਂ ਦੇ ਤਰੀਕਿਆਂ ਅਤੇ ਉਨ੍ਹਾਂ ਦੇ ਨੈੱਟਵਰਕ ਬਾਰੇ ਅਹਿਮ ਸੁਰਾਗ ਮਿਲ ਸਕਦੇ ਹਨ।
ਤਸਕਰਾਂ ਦੀ ਭਾਲ ਜਾਰੀ
ਫਿਲਹਾਲ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਬੀਐਸਐਫ ਦੀਆਂ ਟੀਮਾਂ ਤਕਨੀਕੀ ਸਹਾਇਤਾ ਅਤੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਇਹ ਪਤਾ ਲਗਾਉਣ ਵਿੱਚ ਜੁਟੀਆਂ ਹਨ ਕਿ ਸਰਹੱਦ ਪਾਰੋਂ ਭੇਜੀ ਗਈ ਇਸ ਖੇਪ ਨੂੰ ਲੈਣ ਕੌਣ ਆਉਣਾ ਸੀ ਅਤੇ ਇਸ ਦੇ ਪਿੱਛੇ ਕਿਹੜਾ ਨਸ਼ਾ ਤਸਕਰੀ ਗਿਰੋਹ ਸਰਗਰਮ ਹੈ।
ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਅਤੇ ਬੀਐਸਐਫ ਦੇ ਆਪਸੀ ਤਾਲਮੇਲ ਕਾਰਨ ਸਰਹੱਦ ਪਾਰੋਂ ਨਸ਼ਾ ਤਸਕਰੀ ਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਨਾਕਾਮ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਇਸ ਨੈੱਟਵਰਕ ਨਾਲ ਜੁੜੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
