ਸ਼ਰਾਬੀ ਡਰਾਈਵਰ ਦੀ ਲਾਪਰਵਾਹੀ ਨਾਲ ਕੰਧ ਨਾਲ ਟਕਰਾਈ ਕਾਰ, 8 ਸਾਲਾ ਬੱਚੇ ਸਮੇਤ 3 ਦੀ ਮੌਤ, 2 ਜ਼ਖਮੀ
Moga Car Accident; ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੇ ਇੱਕ ਮਕਾਨ ਦੀ ਕੰਧ ਨਾਲ ਜਾ ਟਕਰਾਈ। ਹਾਦਸੇ ਵਿੱਚ 8 ਸਾਲਾ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਵਿਅਕਤੀ ਜ਼ਖਮੀ ਹੋਏ ਹਨ।
ਹਾਦਸੇ ਤੋਂ ਬਾਅਦ ਕਾਰ ਚਾਲਕ ਵਾਲ-ਵਾਲ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਨਸ਼ੇ ਦੀ ਹਾਲਤ ਵਿੱਚ ਸੀ। ਜਿਵੇਂ ਹੀ ਉਹ ਕਾਰ ਵਿੱਚੋਂ ਬਾਹਰ ਨਿਕਲਿਆ ਤਾਂ ਲੜਖੜਾਉਂਦਾ ਹੋਇਆ ਜ਼ਮੀਨ ’ਤੇ ਡਿੱਗ ਪਿਆ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਫੋਨ ’ਤੇ ਜਾਣਕਾਰੀ ਦਿੰਦਿਆਂ ਥਾਣਾ ਸਮਾਲਸਰ ਦੇ ਥਾਣਾ ਪ੍ਰਭਾਰੀ ਇਕਬਾਲ ਸਿੰਘ ਨੇ ਦੱਸਿਆ ਕਿ ਕਾਰ ਵਿੱਚ ਕੁੱਲ 5 ਲੋਕ ਸਵਾਰ ਸਨ। ਸ਼ੁਰੂਆਤੀ ਜਾਂਚ ਮੁਤਾਬਕ ਪਿੰਡ ਮੱਲਕੇ ਨੇੜੇ ਇੱਕ ਸਮਾਗਮ ਤੋਂ ਵਾਪਸ ਆ ਰਹੀ ਕਾਰ ਤੇਜ਼ ਰਫ਼ਤਾਰ ਅਤੇ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਕਾਰਨ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਕਾਰ ਸਿੱਧੀ ਸੜਕ ਕਿਨਾਰੇ ਬਣੇ ਮਕਾਨ ਦੀ ਕੰਧ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਹਾਦਸੇ ਵਿੱਚ ਕੁਲਦੀਪ ਸਿੰਘ ਵਾਸੀ ਮਾੜੀ ਮੁਸਤਫ਼ਾ, ਜ਼ਿਲ੍ਹਾ ਮੋਗਾ, ਵਕੀਲ ਸਿੰਘ ਵਾਸੀ ਪਿੰਡ ਕੌਣੀ, ਜ਼ਿਲ੍ਹਾ ਫ਼ਰੀਦਕੋਟ ਅਤੇ 8 ਸਾਲਾ ਮਾਸੂਮ ਗੁਰਕੀਰਤ ਦੀ ਮੌਤ ਹੋ ਗਈ।
ਹਾਦਸੇ ਵਿੱਚ ਜ਼ਖਮੀ ਅਮ੍ਰਿਤਪਾਲ ਸਿੰਘ ਅਤੇ ਆਕਾਸ਼ਦੀਪ ਸਿੰਘ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫ਼ਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
