ED ਚਾਰਜਸ਼ੀਟ ‘ਚ ਸੰਜੀਵ ਅਰੋੜਾ ‘ਤੇ ਵੱਡੇ ਦੋਸ਼, 103 ਕਰੋੜ ਦੀ ਹੇਰਾਫੇਰੀ ਦਾ ਦਾਅਵਾ, ਮਾਸਟਰਮਾਈਂਡ ਦੱਸਿਆ
Punjab Minister Sanjeev Arora; ਪ੍ਰਵਰਤਨ ਨਿਰਦੇਸ਼ਾਲਿਆ (ED) ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਜਾਂਚ ਏਜੰਸੀ ਨੇ ਆਪਣੀ ਚਾਰਜਸ਼ੀਟ ਵਿੱਚ ਸੰਜੀਵ ਅਰੋੜਾ ਨੂੰ ਕਥਿਤ ਫਰਜ਼ੀ ਮੋਬਾਈਲ ਐਕਸਪੋਰਟ ਅਤੇ ਮਨੀ ਲਾਂਡਰਿੰਗ ਮਾਮਲੇ ਦਾ ਮਾਸਟਰਮਾਈਂਡ ਦੱਸਿਆ ਹੈ।
ED ਮੁਤਾਬਕ ਇਸ ਪੂਰੇ ਮਾਮਲੇ ਵਿੱਚ ਕਰੀਬ 103 ਕਰੋੜ ਰੁਪਏ ਦੀ ਹੇਰਾਫੇਰੀ ਸਾਹਮਣੇ ਆਈ ਹੈ। ਜਾਂਚ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੰਜੀਵ ਅਰੋੜਾ ਵੱਲੋਂ ਆਈਫੋਨ ਦੁਬਈ ਭੇਜੇ ਹੀ ਨਹੀਂ ਗਏ, ਸਗੋਂ ਇਹ ਐਕਸਪੋਰਟ ਸਿਰਫ਼ ਕਾਗਜ਼ਾਂ ਵਿੱਚ ਦਰਸਾਇਆ ਗਿਆ। ਇਸ ਲਈ ਕਥਿਤ ਤੌਰ ‘ਤੇ ਫਰਜ਼ੀ ਖਰੀਦ ਬਿੱਲ ਅਤੇ ਨਿਰਯਾਤ ਨਾਲ ਜੁੜੇ ਦਸਤਾਵੇਜ਼ ਤਿਆਰ ਕੀਤੇ ਗਏ।
ਜਾਂਚ ਏਜੰਸੀ ਦਾ ਕਹਿਣਾ ਹੈ ਕਿ ਇਸ ਫਰਜ਼ੀਵਾਡੇ ਰਾਹੀਂ ਐਕਸਪੋਰਟ ਆਧਾਰਿਤ ਵਿੱਤੀ ਲਾਭ ਲੈਣ ਅਤੇ ਗੈਰ-ਕਾਨੂੰਨੀ ਪੈਸੇ ਦੇ ਸਰੋਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ। ED ਨੇ ਕਰੀਬ 44 ਹਜ਼ਾਰ ਮੋਬਾਈਲ ਫੋਨਾਂ ਦੇ ਫਰਜ਼ੀ ਐਕਸਪੋਰਟ ਦਾ ਦਾਅਵਾ ਕੀਤਾ ਹੈ।
ਚਾਰਜਸ਼ੀਟ ਵਿੱਚ ਕੀ-ਕੀ ਦਾਅਵੇ ਕੀਤੇ ਗਏ?
150 ਕਰੋੜ ਤੋਂ ਵੱਧ ਦਾ ਕਾਰੋਬਾਰ ਦਿਖਾਇਆ ਗਿਆ
ED ਵੱਲੋਂ ਗੁਰੂਗ੍ਰਾਮ ਦੀ ਅਦਾਲਤ ਵਿੱਚ ਦਾਖ਼ਲ ਕੀਤੀ ਗਈ ਚਾਰਜਸ਼ੀਟ ਮੁਤਾਬਕ ਕਥਿਤ ਆਈਫੋਨ ਵਿਕਰੀ ਦਾ ਕੁੱਲ ਕਾਰੋਬਾਰ 150 ਕਰੋੜ ਰੁਪਏ ਤੋਂ ਵੱਧ ਦਰਸਾਇਆ ਗਿਆ ਸੀ।
ਦੁਬਈ ਕਨੈਕਸ਼ਨ ਸਾਹਮਣੇ ਆਇਆ
ED ਦੇ ਅਨੁਸਾਰ ਇਸ ਵਿੱਚੋਂ 100 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਆਈਫੋਨ ਦੁਬਈ ਦੀ ਇੱਕ ਕੰਪਨੀ ਨੂੰ ਐਕਸਪੋਰਟ ਕਰਨ ਦਾ ਦਾਅਵਾ ਕੀਤਾ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਕੰਪਨੀ ਸੰਜੀਵ ਅਰੋੜਾ ਦੀ ਰੀਅਲ ਅਸਟੇਟ ਫਰਮ ਵਿੱਚ ਨਿਵੇਸ਼ਕ ਵੀ ਹੈ। ਇਸ ਕਾਰਨ ED ਨੂੰ ਮਾਮਲੇ ‘ਤੇ ਸ਼ੱਕ ਹੋਇਆ।
ਫਰਜ਼ੀ ਕੰਪਨੀਆਂ ਦਾ ਨੈੱਟਵਰਕ
ED ਦਾ ਦਾਅਵਾ ਹੈ ਕਿ ਆਈਫੋਨ ਖਰੀਦ ਦਿਖਾਉਣ ਵਾਲੀਆਂ ਕਈ ਸਪਲਾਇਰ ਕੰਪਨੀਆਂ ਜਾਂ ਤਾਂ ਸ਼ੈੱਲ ਕੰਪਨੀਆਂ ਸਨ ਜਾਂ ਆਰਥਿਕ ਤੌਰ ‘ਤੇ ਅਸਮਰੱਥ ਸਨ। ਇਨ੍ਹਾਂ ਵੱਲੋਂ ਅਸਲ ਮਾਲ ਦੀ ਸਪਲਾਈ ਤੋਂ ਬਿਨਾਂ ਸਿਰਫ਼ ਫਰਜ਼ੀ ਇਨਵੌਇਸ ਜਾਰੀ ਕੀਤੇ ਗਏ।
ਸੰਜੀਵ ਅਰੋੜਾ ‘ਤੇ ਲਗਾਏ ਗਏ ਦੋਸ਼
ਘੁਟਾਲੇ ਦਾ ਮਾਸਟਰਮਾਈਂਡ ਹੋਣ ਦਾ ਦੋਸ਼
ED ਦਾ ਦੋਸ਼ ਹੈ ਕਿ ਸੰਜੀਵ ਅਰੋੜਾ ਨੇ ਸ਼ੈੱਲ ਕੰਪਨੀਆਂ, ਕਾਲਪਨਿਕ ਖਰੀਦਦਾਰਾਂ ਅਤੇ ਸर्कੁਲਰ ਫੰਡ ਟਰਾਂਸਫਰ ਰਾਹੀਂ ਫਰਜ਼ੀ ਐਕਸਪੋਰਟ ਲੈਣ-ਦੇਣ ਦਾ ਪੂਰਾ ਢਾਂਚਾ ਤਿਆਰ ਕੀਤਾ।
ਫਰਜ਼ੀ ਕਮਾਈ ਦਿਖਾਉਣ ਦਾ ਦੋਸ਼
ਜਾਂਚ ਏਜੰਸੀ ਮੁਤਾਬਕ ਨਕਲੀ ਬਿੱਲਾਂ ਅਤੇ ਫਰਜ਼ੀ ਦਸਤਾਵੇਜ਼ਾਂ ਰਾਹੀਂ ਦੁਬਈ ਆਈਫੋਨ ਭੇਜਣ ਦਾ ਦਾਅਵਾ ਕੀਤਾ ਗਿਆ ਅਤੇ ਕਰੀਬ 103 ਕਰੋੜ ਰੁਪਏ ਨੂੰ ਐਕਸਪੋਰਟ ਕਮਾਈ ਵਜੋਂ ਦਰਸਾਇਆ ਗਿਆ।
ਸਰਕਾਰੀ ਰਿਫੰਡ ਦੇ ਦੁਰਵਰਤੋਂ ਦਾ ਦੋਸ਼
ED ਮੁਤਾਬਕ ਕਥਿਤ ਘੁਟਾਲੇ ਵਿੱਚ ਕਰੀਬ 87 ਕਰੋੜ ਰੁਪਏ ਐਕਸਪੋਰਟ ਰਿਮਿਟੈਂਸ ਅਤੇ ਲਗਭਗ 16 ਕਰੋੜ ਰੁਪਏ IGST ਅਤੇ ਡਿਊਟੀ ਡਰਾਬੈਕ ਰਿਫੰਡ ਦੇ ਰੂਪ ਵਿੱਚ ਸ਼ਾਮਲ ਸਨ।
ਬੈਂਕ ਖਾਤੇ ‘ਤੇ ਅਰੋੜਾ ਦੇ ਦਸਤਖ਼ਤ
ED ਨੇ ਦਾਅਵਾ ਕੀਤਾ ਹੈ ਕਿ ਜਿਸ ਮੁੱਖ ICICI ਬੈਂਕ ਖਾਤੇ ਵਿੱਚ ਐਕਸਪੋਰਟ ਦੇ ਨਾਮ ‘ਤੇ 100 ਕਰੋੜ ਰੁਪਏ ਤੋਂ ਵੱਧ ਦੀ ਰਕਮ ਆਈ, ਉਸ ਖਾਤੇ ਦੇ ਅਧਿਕਾਰਤ ਹਸਤਾਖਰਕਰਤਾ ਸੰਜੀਵ ਅਰੋੜਾ ਸਨ।