ਕਾਂਗਰਸੀ ਆਗੂ ਸੁੰਦਰ ਸ਼ਾਮ ਅਰੋੜਾ ਦੇ ਘਰ ED ਦੀ ਰੇਡ: ਜਾਂਚ ਅਜੇ ਵੀ ਜਾਰੀ
ਹੁਸ਼ਿਆਰਪੁਰ : ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸੋਮਵਾਰ ਸਵੇਰੇ ਕਰੀਬ 5 ਵਜੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਹੁਸ਼ਿਆਰਪੁਰ ਦੇ ਜੋਧਾ ਮੱਲ ਰੋਡ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਸੀ। ਮਿਲੀ ਜਾਣਕਾਰੀ ਅਨੁਸਾਰ ਕਰੀਬ 24 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਜਾਂਚ ਜਾਰੀ ਹੈ।
ਛਾਪੇਮਾਰੀ ਦੌਰਾਨ ਕੇਂਦਰੀ ਏਜੰਸੀ ਦੇ ਅਧਿਕਾਰੀਆਂ ਦੇ ਨਾਲ CRPF ਦੇ ਜਵਾਨ ਵੀ ਮੌਜੂਦ ਰਹੇ। ਸੁਰੱਖਿਆ ਦੇ ਮੱਦੇਨਜ਼ਰ ਘਰ ਦੇ ਆਲੇ-ਦੁਆਲੇ ਜਵਾਨ ਤਾਇਨਾਤ ਕਰਕੇ ਰਿਹਾਇਸ਼ ਨੂੰ ਘੇਰੇ ਵਿੱਚ ਲਿਆ ਗਿਆ। ਏਜੰਸੀ ਨਾਲ ਜੁੜੇ ਸੂਤਰਾਂ ਮੁਤਾਬਕ ਇਹ ਕਾਰਵਾਈ ਮਨੀ ਲਾਂਡਰਿੰਗ ਅਤੇ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਤਹਿਤ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਕੀਤੀ ਗਈ ਹੈ। ਹਾਲਾਂਕਿ, ਛਾਪੇਮਾਰੀ ਦੌਰਾਨ ਕੀ ਕੁਝ ਬਰਾਮਦ ਹੋਇਆ ਜਾਂ ਜਾਂਚ ਵਿੱਚ ਕੀ ਸਾਹਮਣੇ ਆਇਆ, ਇਸ ਬਾਰੇ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਜਨਵਰੀ ਵਿੱਚ ਵੀ ਹੋਈ ਸੀ ਛਾਪੇਮਾਰੀ
ਇਸ ਤੋਂ ਪਹਿਲਾਂ 27 ਜਨਵਰੀ ਨੂੰ ਵੀ ED ਨੇ ਆਮਦਨ ਕਰ ਵਿਭਾਗ ਦੇ ਨਾਲ ਮਿਲ ਕੇ ਸੁੰਦਰ ਸ਼ਾਮ ਅਰੋੜਾ ਦੇ ਘਰ ਛਾਪੇਮਾਰੀ ਕੀਤੀ ਸੀ। ਉਸ ਸਮੇਂ ਵੀ ਅਧਿਕਾਰੀਆਂ ਨੇ ਰਿਹਾਇਸ਼ ਵਿੱਚ ਦਸਤਾਵੇਜ਼ਾਂ ਦੀ ਜਾਂਚ ਕੀਤੀ ਸੀ। ਹਾਲਾਂਕਿ, ਉਸ ਕਾਰਵਾਈ ਤੋਂ ਬਾਅਦ ਵੀ ਜਾਂਚ ਦੌਰਾਨ ਮਿਲੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਸੀ।