ਲੁਧਿਆਣਾ ‘ਚ ਪੁਲਿਸ ਅਤੇ ਅੱਤਵਾਦੀ ਵਿਚਾਲੇ ਹੋਇਆ ਐਨਕਾਊਂਟਰ, 2 ਹੈਂਡ ਗ੍ਰਨੇਡ ਤੇ 4 ਪਿਸਤੌਲ ਕੀਤੇ ਬਰਮਾਦ
Ludhiana police terrorist encounter; ਲੁਧਿਆਣਾ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਐਨਕਾਉਂਟਰ ਹੋਇਆ। ਇਹ ਐਨਕਾਉਂਟਰ ਨੈਸ਼ਨਲ ਹਾਈਵੇਅ ‘ਤੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਹੋਇਆ। ਪੁਲਿਸ ਨੇ ਮੁਲਜ਼ਮਾਂ ਤੋਂ 2 ਹੈਂਡ ਗ੍ਰਨੇਡ, 4 ਪਿਸਤੌਲ ਅਤੇ 50 ਕਾਰਤੂਸ ਬਰਮਾਦ ਕੀਤੇ ਹਨ। ਲੁਧਿਆਣਾ ਪੁਲਿਸ ਕਮਿਸ਼ਨਰ ਨੇ ਸੁਰੱਖਿਆ ਕਾਰਨਾ ਕਰਕੇ ਇਸ ਘਟਨਾ ਬਾਰੇ ਜਿਆਦਾ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ।
ਰਿਪੋਰਟਾਂ ਅਨੁਸਾਰ, ਪੁਲਿਸ ਨੇ ਇੱਕ ਦਿਨ ਪਹਿਲਾਂ ਹੀ ਕੁਝ ਅੱਤਵਾਦੀਆਂ ਨੂੰ ਹੈਂਡ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਪੁਲਿਸ ਹੁਣ ਅੱਤਵਾਦੀਆਂ ਨੂੰ ਹੋਰ ਸਮਾਨ ਬਰਾਮਦ ਕਰਨ ਲਈ ਲੈ ਜਾ ਰਹੀ ਹੈ। ਲਾਡੋਵਾਲ ਟੋਲ ਪਲਾਜ਼ਾ ਨੇੜੇ ਪੁਲਿਸ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਮੁਕਾਬਲੇ ਵਿੱਚ ਕੌਣ ਜ਼ਖਮੀ ਹੋਇਆ ਜਾਂ ਗੋਲੀ ਲੱਗੀ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਇਸ ਸਮੇਂ ਮੌਕੇ ‘ਤੇ ਪਹੁੰਚ ਰਹੇ ਹਨ।
ਅੱਤਵਾਦੀ ਮਾਡਿਊਲ ਦਾ ਪਰਦਾਫਾਸ਼- ਪੁਲਿਸ ਕਮਿਸ਼ਨਰ
ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ, “ਅਸੀਂ ਪਹਿਲਾਂ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ ਅਤੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਅੱਜ, ਸਾਨੂੰ ਸੂਚਨਾ ਮਿਲੀ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਦੋ ਅੱਤਵਾਦੀ, ਜੋ ਕਿ ਆਈਐਸਆਈ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ, ਨੇੜੇ ਹੀ ਹਨ। ਅਸੀਂ ਇੱਕ ਜਾਲ ਵਿਛਾਇਆ ਅਤੇ ਹੁਣ ਤੱਕ ਹੋਏ ਮੁਕਾਬਲੇ ਵਿੱਚ, ਦੋਵੇਂ ਸ਼ੱਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ।”
ਦੋਵੇਂ ਸ਼ੱਕੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸਰਗਰਮ ਮੈਂਬਰ ਸਨ ਅਤੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ। ਖੁਫੀਆ ਏਜੰਸੀਆਂ ਨੂੰ ਇਨ੍ਹਾਂ ਦੀ ਮੂਵਮੈਂਟ ਬਾਰੇ ਕੁਝ ਦਿਨਾਂ ਤੋਂ ਜਾਣਕਾਰੀ ਮਿਲ ਰਹੀ ਸੀ। ਪੁਲਿਸ ਨੂੰ ਇਹ ਵੀ ਇਨਪੁੱਟ ਮਿਲਿਆ ਸੀ ਕਿ ਇਹ ਅੱਤਵਾਦੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ ਅਤੇ ਪੰਜਾਬ ਵਿੱਚ ਕੋਈ ਵੱਡੀ ਸਾਜ਼ਿਸ਼ ਨੂੰ ਅੰਜ਼ਾਮ ਦੇ ਸਕਦੇ ਹਨ।
BKI ਮੁੜ ਟਵਰਕ ਨੂੰ ਜਿੰਦਾ ਕਰਨ ਦੀ ਕਰ ਰਿਹਾ ਕੋਸ਼ਿਸ਼
ਬੱਬਰ ਖਾਲਸਾ ਇੰਟਰਨੈਸ਼ਨਲ ਪਿਛਲੇ ਕੁਝ ਸਮੇਂ ਤੋਂ ਮੁੜ ਪੰਜਾਬ ਵਿੱਚ ਆਪਣੇ ਨੈੱਟਵਰਕ ਨੂੰ ਜਿੰਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਕਰਕੇ ਸੁਰੱਖਿਆ ਏਜੰਸੀਆਂ ਕਾਫ਼ੀ ਚੌਕਸ ਹਨ। ਲੁਧਿਆਣਾ ਵਿੱਚ ਵਾਪਰੀ ਇਹ ਕਾਰਵਾਈ ਅੱਤਵਾਦੀ ਗਤੀਵਿਧੀਆਂ ਤੇ ਇੱਕ ਵੱਡਾ ਝਟਕਾ ਮੰਨੀ ਜਾ ਰਹੀ ਹੈ।
ਇਸ ਵੇਲੇ ਸਾਰੀ ਜਾਂਚ ਖੁਫੀਆ ਏਜੰਸੀਆਂ ਅਤੇ ਸਥਾਨਕ ਪੁਲਿਸ ਦੇ ਸਾਂਝੇ ਨਿਗਰਾਨੀ ਤਹਿਤ ਜਾਰੀ ਹੈ। ਪੁਲਿਸ ਨੇ ਇਲਾਕੇ ਵਿੱਚ ਸੁਰੱਖਿਆ ਵੀ ਵਧਾ ਦਿੱਤੀ ਹੈ, ਤਾਂ ਜੋ ਕਿਸੇ ਸੰਭਾਵਿਤ ਖਤਰੇ ਨੂੰ ਟਾਲਿਆ ਜਾ ਸਕੇ।