ਨੌਜਵਾਨ ਲੜਕੀ ਦੀ ਲਟਕਦੀ ਲਾਸ਼ ਨੇ ਉਡਾਏ ਪਰਿਵਾਰ ਦੇ ਹੋਸ਼, ਸੁਸਾਈਡ ਨੋਟ ‘ਚ ਭਾਬੀ ‘ਤੇ ਲਗਾਏ ਗੰਭੀਰ ਇਲਜ਼ਾਮ
Abohar Suicide Case; ਫਾਜ਼ਿਲਕਾ ਦੇ ਅਬੋਹਰ ਵਿੱਚ ਘਰੇਲੂ ਕਲੇਸ਼ ਦੇ ਚਲਦਿਆਂ ਇੱਕ 24 ਸਾਲਾ ਕੁੜੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਨੇ ਹੱਥ ਨਾਲ ਲਿਖਿਆ ਇੱਕ ਸੁਸਾਈਡ ਨੋਟ ਵੀ ਛੱਡਿਆ ਹੈ, ਜਿਸ ਵਿੱਚ ਉਸ ਨੇ ਆਪਣੀ ਭਾਬੀ ‘ਤੇ ਘਰ ਤਬਾਹ ਕਰਨ ਦੇ ਦੋਸ਼ ਲਗਾਏ ਹਨ।
ਇਹ ਘਟਨਾ ਅਬੋਹਰ ਦੀ ਨਵੀਂ ਆਬਾਦੀ ਗਲੀ ਨੰਬਰ-14 ਦੀ ਹੈ। ਮ੍ਰਿਤਕਾ ਦੀ ਪਛਾਣ ਆਰਤੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਆਰਤੀ ਨੇ ਉਸ ਸਮੇਂ ਫਾਹਾ ਲਿਆ, ਜਦੋਂ ਪਰਿਵਾਰ ਦੇ ਮੈਂਬਰ ਦਵਾਈ ਲੈਣ ਲਈ ਸ਼੍ਰੀਗੰਗਾਨਗਰ ਗਏ ਹੋਏ ਸਨ।
ਪਰਿਵਾਰ ਜਦੋਂ ਸ਼ਾਮ ਕਰੀਬ 6 ਵਜੇ ਵਾਪਸ ਆਇਆ ਤਾਂ ਘਰ ਦਾ ਮੁੱਖ ਦਰਵਾਜ਼ਾ ਅੰਦਰੋਂ ਬੰਦ ਸੀ। ਕਾਫੀ ਖੜਕਾਉਣ ਤੋਂ ਬਾਅਦ ਵੀ ਦਰਵਾਜ਼ਾ ਨਾ ਖੁੱਲ੍ਹਣ ‘ਤੇ ਆਰਤੀ ਦਾ ਭਰਾ ਛੱਤ ਰਾਹੀਂ ਘਰ ਅੰਦਰ ਗਿਆ। ਉੱਥੇ ਆਰਤੀ ਪੱਖੇ ਨਾਲ ਲਟਕਦੀ ਮਿਲੀ।
ਸੁਸਾਈਡ ਨੋਟ ‘ਚ ਭਾਬੀ ‘ਤੇ ਲਗਾਏ ਦੋਸ਼
ਪੁਲਿਸ ਨੂੰ ਮਿਲੇ ਸੁਸਾਈਡ ਨੋਟ ਵਿੱਚ ਆਰਤੀ ਨੇ ਦੋਸ਼ ਲਗਾਇਆ ਕਿ ਉਸ ਦੀ ਭਾਬੀ ਨੇ ਉਸ ਦਾ ਘਰ ਤਬਾਹ ਕਰ ਦਿੱਤਾ। ਉਸ ਨੇ ਇਹ ਵੀ ਲਿਖਿਆ ਕਿ ਭਾਬੀ ਉਸ ਦੇ ਭਰਾ ਨੂੰ ਸਰਕਾਰੀ ਨੌਕਰੀ ਛੱਡਣ ਦੀਆਂ ਧਮਕੀਆਂ ਦਿੰਦੀ ਸੀ, ਜਿਸ ਕਾਰਨ ਉਸ ਦੇ ਪਿਤਾ ਦੀ ਸਿਹਤ ਵੀ ਖਰਾਬ ਹੋ ਗਈ।
ਜਾਣਕਾਰੀ ਮੁਤਾਬਕ ਆਰਤੀ ਦਾ ਭਰਾ ਸਨਪ੍ਰੀਤ ਉਰਫ਼ ਸੋਨੂ ਪੰਜਾਬ ਗ੍ਰਾਮੀਣ ਬੈਂਕ ਵਿੱਚ ਨੌਕਰੀ ਕਰਦਾ ਹੈ। ਉਸ ਦਾ ਵਿਆਹ ਕਰੀਬ 10 ਮਹੀਨੇ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਘਰ ਵਿੱਚ ਕਲੇਸ਼ ਚੱਲ ਰਿਹਾ ਸੀ ਅਤੇ ਭਰਾ ਦੀ ਪਤਨੀ ਪਿਛਲੇ 3 ਮਹੀਨਿਆਂ ਤੋਂ ਆਪਣੇ ਪੇਕੇ ਰਹਿ ਰਹੀ ਸੀ।
ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਨੰਬਰ-2 ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।
ਥਾਣਾ ਇੰਚਾਰਜ ਰਵਿੰਦਰ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।
