ਅੱਜ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਦੀ ਪੰਜਾਬ ਸਰਕਾਰ ਨਾਲ ਅਹਿਮ ਮੀਟਿੰਗ
Punjab News: ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਦੀ ਪੰਜਾਬ ਸਰਕਾਰ ਨਾਲ ਅੱਜ ਮੀਟਿੰਗ ਹੋਂਣ ਜਾ ਰਹੀਂ ਹੈ। ਕਿਸਾਨਾਂ ਦੀ ਇਹ ਮੀਟਿੰਗ ਚੰਡੀਗੜ੍ਹ ‘ਚ ਹੋਵੇਗੀ, ਜਿਸ ਦੇ ਵਿੱਚ 8 ਜਥੇਬੰਦੀਆਂ ਦੇ ਆਗੂ ਹਿੱਸਾ ਲੈਣਗੇ। ਪੰਜਾਬ ਸਿਵਲ ਸਕੱਤਰੇਤ ਵਿਖੇ ਪ੍ਰਬੰਧਕੀ ਖੇਤੀਬਾੜੀ ਸਕੱਤਰ ਦੀ ਅਗਵਾਈ ‘ਚ ਮੀਟਿੰਗ ਹੋਵੇਗੀ।
ਹਾਸਲ ਜਾਣਕਾਰੀ ਮੁਤਾਬਕ ਸਰਕਾਰ ਵੱਲੋਂ 27 ਕਰੋੜ ਰੁਪਏ ਦੇ ਲਗਭਗ ਬਕਾਇਆ ਰਕਮ ਬਾਰੇ ਕੋਈ ਫੈਸਲਾ ਲਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਫੈਸਲਾ ਨਾ ਆਉਣ ‘ਤੇ ਕਿਸਾਨਾਂ ਵੱਲੋਂ ਅਗਲਾ ਸੰਘਰਸ਼ ਉਲੀਕੇ ਜਾਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।
ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਦੇ ਗੰਨਾ ਕਿਸਾਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਸੌਗਾਤ ਦਿੰਦੇ ਹੋਏ ਗੰਨੇ ਦੇ ਭਾਅ ਵਿਚ 15 ਰੁਪਏ ਦਾ ਵਾਧਾ ਕੀਤਾ ਸੀ। ਹੁਣ ਗੰਨੇ ਲਈ ਕਿਸਾਨਾਂ ਨੂੰ 416 ਰੁਪਏ ਪ੍ਰਤੀ ਕੁਇੰਟਲ ਮਿਲਣਗੇ। ਮਾਨ ਨੇ ਗੁਰਦਾਸਪੁਰ ਵਿੱਚ ਇਹ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਕੀਮਤ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੁਕਾਬਲਾ ਹਰਿਆਣਾ ਨਾਲ ਹੈ ਅਤੇ ਇਹ ਕੀਮਤ ਹਰਿਆਣਾ ਤੋਂ ਵੀ ਵੱਧ ਹੈ।