ਧੀ ਨੂੰ ਬਚਾਉਂਦੇ ਪਿਤਾ ਦੀ ਗਈ ਜਾਨ, ਸਟੇਸ਼ਨ ‘ਤੇ ਚੱਲਦੀ ਟ੍ਰੇਨ ਦੀ ਲਪੇਟ ‘ਚ ਆਇਆ ਪਿਓ
Jalandhar Railway Station Accident; ਜਲੰਧਰ ਸਿਟੀ ਰੇਲਵੇ ਸਟੇਸ਼ਨ ‘ਤੇ ਧੀ ਨੂੰ ਬਚਾਉਂਦੇ ਹੋਏ ਪਿਤਾ ਦੀ ਮੌਤ ਹੋ ਗਈ, ਜਦਕਿ 13 ਸਾਲਾ ਧੀ ਗੰਭੀਰ ਜ਼ਖਮੀ ਹੋ ਗਈ। ਹਾਦਸਾ ਬੁੱਧਵਾਰ ਦੁਪਹਿਰ ਕਰੀਬ 1 ਵਜੇ ਵਾਪਰਿਆ।
ਪੱਛਮੀ ਦਿੱਲੀ ਦੇ ਵਿਸ਼ਨੂੰ ਗਾਰਡਨ ਵਾਸੀ 45 ਸਾਲਾ ਸ਼ਮਸ਼ੇਰ ਸਿੰਘ ਸੰਧੂ ਆਪਣੀ 13 ਸਾਲਾ ਧੀ ਹਰਲੀਨ ਕੌਰ ਨਾਲ ਦਿੱਲੀ ਤੋਂ ਬਿਆਸ ਡੇਰੇ ਜਾ ਰਹੇ ਸਨ। ਸ਼ਾਨ-ਏ-ਪੰਜਾਬ ਟ੍ਰੇਨ ਜਲੰਧਰ ਸਿਟੀ ਸਟੇਸ਼ਨ ‘ਤੇ ਰੁਕੀ ਤਾਂ ਸ਼ਮਸ਼ੇਰ ਸਿੰਘ ਕੁਝ ਖਾਣ-ਪੀਣ ਦਾ ਸਮਾਨ ਲੈਣ ਲਈ ਟ੍ਰੇਨ ਤੋਂ ਹੇਠਾਂ ਉਤਰ ਗਏ।
ਇਸ ਦੌਰਾਨ ਉਨ੍ਹਾਂ ਦੀ ਧੀ ਵੀ ਟ੍ਰੇਨ ਦੇ ਦਰਵਾਜ਼ੇ ਤੱਕ ਆ ਗਈ। ਅਚਾਨਕ ਟ੍ਰੇਨ ਨੇ ਹਾਰਨ ਦੇ ਕੇ ਚੱਲਣਾ ਸ਼ੁਰੂ ਕਰ ਦਿੱਤਾ। ਝਟਕਾ ਲੱਗਣ ਕਾਰਨ ਹਰਲੀਨ ਦਾ ਪੈਰ ਫਿਸਲ ਗਿਆ ਅਤੇ ਉਹ ਹੇਠਾਂ ਡਿੱਗ ਕੇ ਗੰਭੀਰ ਜ਼ਖਮੀ ਹੋ ਗਈ।
ਧੀ ਨੂੰ ਡਿੱਗਦਾ ਦੇਖ ਸ਼ਮਸ਼ੇਰ ਸਿੰਘ ਉਸ ਨੂੰ ਬਚਾਉਣ ਲਈ ਦੌੜੇ। ਇਸ ਦੌਰਾਨ ਉਨ੍ਹਾਂ ਦਾ ਪੈਰ ਪਲੇਟਫਾਰਮ ਅਤੇ ਟ੍ਰੇਨ ਵਿਚਕਾਰ ਫਸ ਗਿਆ ਅਤੇ ਉਹ ਹੇਠਾਂ ਜਾ ਡਿੱਗੇ। ਉਨ੍ਹਾਂ ਦੇ ਸਿਰ ‘ਤੇ ਗੰਭੀਰ ਸੱਟ ਲੱਗੀ।
ਮੌਕੇ ‘ਤੇ ਮੌਜੂਦ ਲੋਕਾਂ ਅਤੇ ਪੁਲਿਸ ਨੇ ਦੋਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਸ਼ਮਸ਼ੇਰ ਸਿੰਘ ਦੀ ਉਸ ਸਮੇਂ ਸਾਹ ਚੱਲ ਰਹੀ ਸੀ, ਪਰ ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ। ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਹਰਲੀਨ ਕੌਰ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਬਿਹਤਰ ਇਲਾਜ ਲਈ ਰੈਫਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰ ਉਸ ਨੂੰ ਹਰਿਆਣਾ ਦੇ ਸਿਰਸਾ ਸਥਿਤ ਇੱਕ ਨਿੱਜੀ ਹਸਪਤਾਲ ਲੈ ਗਏ।
GRP ਥਾਣੇ ਦੇ SHO ਬਲਵੀਰ ਸਿੰਘ ਮੁਤਾਬਕ, ਸ਼ਮਸ਼ੇਰ ਸਿੰਘ ਦੀ ਲਾਸ਼ ਦਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
