ਮੰਡੀ ਗੋਬਿੰਦਗੜ੍ਹ ਨੇੜੇ ਪਿੰਡ ਜੱਸੜਾ ਵਿੱਚ ਕਾਰ ਪਾਰਕਿੰਗ ਨੂੰ ਲੈ ਕੇ ਝਗੜਾ, ਤਲਵਾਰਾਂ ਅਤੇ ਗੋਲੀਆਂ ਚੱਲੀਆਂ
ਮੰਡੀ ਗੋਬਿੰਦਗੜ੍ਹ, 10 ਸਤੰਬਰ: ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਨੇੜਲੇ ਪਿੰਡ ਜੱਸੜਾ ਵਿੱਚ ਕਾਰ ਪਾਰਕਿੰਗ ਨੂੰ ਲੈ ਕੇ ਪੁਰਾਣੀ ਰੰਜਿਸ਼ ਨੇ ਹਿੰਸਾਤਮਕ ਰੂਪ ਧਾਰ ਲਿਆ। ਰਾਤ ਦੇ ਸਮੇਂ ਹੋਏ ਝਗੜੇ ਦੌਰਾਨ ਤਲਵਾਰਾਂ ਅਤੇ ਡੰਡਿਆਂ ਨਾਲ ਹਮਲਾ ਕਰਕੇ ਇਕ ਵਿਅਕਤੀ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਗਿਆ, ਜਦਕਿ ਕੁਝ ਗੋਲੀਆਂ ਚਲਣ ਦੀ ਵੀ ਪੁਸ਼ਟੀ ਹੋਈ ਹੈ।
ਪੀੜਤ ਗੁਰਚਰਨ ਸਿੰਘ (ਉਮਰ 53 ਸਾਲ) ਨੇ ਦੱਸਿਆ ਕਿ ਉਸਦਾ ਆਪਣੇ ਗੁਆਂਢੀਆਂ ਨਾਲ ਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ, ਜੋ ਕਿ ਪਿੰਡ ਵਾਸੀਆਂ ਦੀ ਮਦਦ ਨਾਲ ਸ਼ਾਂਤ ਕਰਵਾ ਦਿੱਤਾ ਗਿਆ ਸੀ। ਪਰ ਰਾਤ ਕਰੀਬ 11 ਵਜੇ ਉਨ੍ਹਾਂ ਗੁਆਂਢੀਆਂ ਵਲੋਂ ਤਲਵਾਰਾਂ ਅਤੇ ਡੰਡਿਆਂ ਨਾਲ ਅਚਾਨਕ ਹਮਲਾ ਕਰ ਦਿੱਤਾ ਗਿਆ। ਹਮਲੇ ਦੌਰਾਨ ਗੁਰਚਰਨ ਸਿੰਘ ਦੇ ਸਿਰ ਵਿੱਚ ਤਲਵਾਰ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਰੌਲਾ ਸੁਣਕੇ ਪਰਿਵਾਰਕ ਮੈਂਬਰ (ਪਤਨੀ, ਪੁੱਤਰ ਅਤੇ ਧੀ) ਵੀ ਬਾਹਰ ਆ ਗਏ, ਜਿਨ੍ਹਾਂ ਨਾਲ ਵੀ ਹੱਥਾਪਾਈ ਕੀਤੀ ਗਈ।
ਪਰਿਵਾਰ ਵਲੋਂ ਆਰੋਪ ਲਗਾਇਆ ਗਿਆ ਕਿ ਪੁਲਿਸ ਦੀ ਮੌਜੂਦਗੀ ਵਿੱਚ ਉਪਰੋਕਤ ਵਿਅਕਤੀਆਂ ਵਲੋਂ ਗੋਲੀਬਾਰੀ ਵੀ ਕੀਤੀ ਗਈ। ਜ਼ਖ਼ਮੀ ਹਾਲਤ ਵਿੱਚ ਗੁਰਚਰਨ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਜਾਰੀ ਹੈ।
ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ‘ਤੇ ਇਕ ਔਰਤ ਸਮੇਤ ਕੁੱਲ 9 ਵਿਅਕਤੀਆਂ ਖਿਲਾਫ਼ IPC ਦੀਆਂ ਕਈ ਧਾਰਾਵਾਂ 115(2), 126(2), 351(1), 125, 191(2), 190 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।