ਦੋ ਕਾਰ ਸਵਾਰਾਂ ਵਿਚਾਲੇ ਫਾਇਰਿੰਗ, ਲਪੇਟ ‘ਚ ਆਏ ਬਜ਼ੁਰਗ ਦੀ ਗੋਲੀ ਲੱਗਣ ਨਾਲ ਮੌਤ
- ਸਵਿਫਟ ਅਤੇ ਥਾਰ ਸਵਾਰਾਂ ਵਿਚਾਲੇ ਚੱਲੀਆਂ ਗੋਲੀਆਂ ਦੀ ਲਪੇਟ ’ਚ ਆਇਆ
Firing between occupants of two cars: ਜ਼ੀਰਾ (ਫ਼ਿਰੋਜ਼ਪੁਰ): ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਜ਼ੀਰਾ ਵਿੱਚ ਵੀਰਵਾਰ ਸ਼ਾਮ ਕਰੀਬ 5 ਵਜੇ ਪੁਰਾਣੀ ਤਲਵੰਡੀ ਰੋਡ ’ਤੇ ਦੋ ਕਾਰ ਸਵਾਰਾਂ ਵਿਚਾਲੇ ਹੋਈ ਗੋਲੀਬਾਰੀ ਦੌਰਾਨ ਇੱਕ ਬੇਕਸੂਰ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਸੰਤ ਸਿੰਘ ਵਜੋਂ ਹੋਈ ਹੈ। ਉਹ ਆਪਣੇ ਪੋਤੇ ਅਤੇ ਪੋਤੀ ਨੂੰ ਟਿਊਸ਼ਨ ਤੋਂ ਵਾਪਸ ਲੈਣ ਲਈ ਟਿਊਸ਼ਨ ਸੈਂਟਰ ਦੇ ਬਾਹਰ ਉਡੀਕ ਕਰ ਰਿਹਾ ਸੀ।
ਬੱਚਿਆਂ ਦੀ ਉਡੀਕ ਕਰਦਿਆਂ ਲੱਗੀ ਗੋਲੀ
ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਦੱਸਿਆ ਕਿ ਬਸੰਤ ਸਿੰਘ ਉਨ੍ਹਾਂ ਦੇ ਪਿੰਡ ਲਹਿਰਾ ਰੋਹੀ ਦਾ ਰਹਿਣ ਵਾਲਾ ਸੀ। ਉਹ ਸ਼ਾਮ ਕਰੀਬ 5 ਵਜੇ ਆਪਣੇ ਪੋਤੇ-ਪੋਤੀ ਨੂੰ ਟਿਊਸ਼ਨ ਤੋਂ ਲੈਣ ਲਈ ਸੈਂਟਰ ਦੇ ਬਾਹਰ ਬੈਠਾ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ। ਇਸੇ ਦੌਰਾਨ ਸਵਿਫਟ ਅਤੇ ਥਾਰ ਕਾਰ ਸਵਾਰਾਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ। ਦੋਵੇਂ ਧਿਰਾਂ ਵੱਲੋਂ ਚਲਾਈਆਂ ਜਾ ਰਹੀਆਂ ਗੋਲੀਆਂ ਵਿੱਚੋਂ ਇੱਕ ਗੋਲੀ ਬਸੰਤ ਸਿੰਘ ਨੂੰ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਮੌਤ
ਸਿਵਲ ਹਸਪਤਾਲ ਜ਼ੀਰਾ ਵਿੱਚ ਤਾਇਨਾਤ ਡਾਕਟਰ ਨੇ ਦੱਸਿਆ ਕਿ ਬਸੰਤ ਸਿੰਘ ਨੂੰ ਜਦੋਂ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਸ ਦੇ ਪੇਟ ’ਤੇ ਜ਼ਖ਼ਮ ਸੀ। ਇਹ ਜ਼ਖ਼ਮ ਗੋਲੀ ਲੱਗਣ ਕਾਰਨ ਹੋਇਆ ਹੈ ਜਾਂ ਨਹੀਂ, ਇਸ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਤੋਂ ਹੋ ਸਕੇਗੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜੀਰਾ ਥਾਣੇ ਦੇ ਸਬ-ਇੰਸਪੈਕਟਰ ਸਤਵੰਤ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਿਸ ਜਲਦੀ ਹੀ ਉਨ੍ਹਾਂ ਨੂੰ ਫੜ ਕੇ ਕਾਰਵਾਈ ਕਰੇਗੀ।
