ਜਲਾਲਾਬਾਦ ’ਚ DSP ਦਫ਼ਤਰ ਬਾਹਰ ਫਾਇਰਿੰਗ, 2 ਨੌਜਵਾਨ ਗ੍ਰਿਫ਼ਤਾਰ
Firing outside DSP office in Jalalabad: ਫਾਜ਼ਿਲਕਾ/ਜਲਾਲਾਬਾਦ: ਫਾਜ਼ਿਲਕਾ ਦੇ ਜਲਾਲਾਬਾਦ ਵਿੱਚ DSP ਲਵਦੀਪ ਸਿੰਘ ਗਿੱਲ ਦੇ ਦਫ਼ਤਰ ਦੇ ਬਾਹਰ ਵੀਰਵਾਰ ਸ਼ਾਮ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੀ ਜਾਣਕਾਰੀ ਮੁਤਾਬਕ 3-4 ਬਾਈਕਾਂ ’ਤੇ ਸਵਾਰ ਕੁਝ ਨੌਜਵਾਨ ਲਾਲ ਬੱਤੀ ਚੌਕ ਵੱਲੋਂ ਆਏ ਅਤੇ DSP ਦਫ਼ਤਰ ਵੱਲ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਕੁਝ ਨੌਜਵਾਨ ਦਫ਼ਤਰ ਦੇ ਅੰਦਰ ਵੀ ਦਾਖ਼ਲ ਹੋ ਗਏ।
ਸੂਚਨਾ ਮਿਲਦੇ ਹੀ ਪੁਲਿਸ ਨੇ ਇਲਾਕੇ ਨੂੰ ਘੇਰ ਕੇ ਕਾਰਵਾਈ ਸ਼ੁਰੂ ਕੀਤੀ ਅਤੇ ਕੁਝ ਹੀ ਸਮੇਂ ਵਿੱਚ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਕੋਲੋਂ ਕਥਿਤ ਤੌਰ ’ਤੇ ਇੱਕ ਨਾਜਾਇਜ਼ .32 ਬੋਰ ਪਿਸਤੌਲ ਬਰਾਮਦ ਹੋਈ ਹੈ। ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ DSP ਦਫ਼ਤਰ ਦੇ ਬਾਹਰ ਕੀਤੀ ਗਈ ਫਾਇਰਿੰਗ ਵਿੱਚ ਇਸੇ ਹਥਿਆਰ ਦੀ ਵਰਤੋਂ ਹੋਈ ਸੀ ਜਾਂ ਨਹੀਂ।
2 ਮੁਲਜ਼ਮ ਗ੍ਰਿਫ਼ਤਾਰ
ਸਿਟੀ ਜਲਾਲਾਬਾਦ ਥਾਣਾ ਇੰਚਾਰਜ ਮੋਹਿਤ ਧਵਨ ਮੁਤਾਬਕ ਘਟਨਾ ਸ਼ਾਮ ਕਰੀਬ 7 ਵਜੇ ਵਾਪਰੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸੋਨਾ ਸਿੰਘ ਉਰਫ਼ ਸੋਨੂ ਵਾਸੀ ਅਮੀਰ ਖਾਸ ਅਤੇ ਆਕਾਸ਼ ਪੁੱਤਰ ਪਰਮਜੀਤ ਵਾਸੀ ਥਾਣਾ ਵੈਰੋਕਾ ਖੇਤਰ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਦੋਵਾਂ ਕੋਲੋਂ .32 ਬੋਰ ਦੀ ਪਿਸਤੌਲ ਬਰਾਮਦ ਕੀਤੀ ਗਈ ਹੈ। ਇਸ ਦੌਰਾਨ ਬਾਕੀ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਦੀ ਭਾਲ ਲਈ ਪੁਲਿਸ ਟੀਮਾਂ ਲਗਾਈਆਂ ਗਈਆਂ ਹਨ।
ਫਾਇਰਿੰਗ ਦੇ ਰਾਊਂਡ ਬਾਰੇ ਜਾਂਚ ਜਾਰੀ
SHO ਮੋਹਿਤ ਧਵਨ ਨੇ ਦੱਸਿਆ ਕਿ ਸ਼ੁਰੂਆਤੀ ਸੂਚਨਾ ਵਿੱਚ ਇੱਕ ਫਾਇਰ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ, ਜਦਕਿ ਕੁਝ ਜਾਣਕਾਰੀ ਵਿੱਚ 3 ਰਾਊਂਡ ਫਾਇਰਿੰਗ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਮੌਕੇ ਤੋਂ ਮਿਲੇ ਸਬੂਤਾਂ ਅਤੇ ਮੁਲਜ਼ਮਾਂ ਤੋਂ ਪੁੱਛਗਿੱਛ ਦੇ ਆਧਾਰ ’ਤੇ ਘਟਨਾ ਦੀ ਪੁਸ਼ਟੀ ਕਰ ਰਹੀ ਹੈ।
ਪੁਲਿਸ ਵੱਲੋਂ ਫਰਾਰ ਨੌਜਵਾਨਾਂ ਦੀ ਪਛਾਣ ਅਤੇ ਘਟਨਾ ਪਿੱਛੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। DSP ਹੈੱਡਕੁਆਰਟਰ ਲਵਦੀਪ ਸਿੰਘ ਗਿੱਲ ਨੂੰ ਹੀ ਜਲਾਲਾਬਾਦ ਦਾ ਚਾਰਜ ਮਿਲਿਆ ਹੋਇਆ ਹੈ।
