ਪੰਜਾਬ ਦੇ ਪ੍ਰਸਿੱਧ ਛਪਾਰ ਮੇਲੇ ਦਾ ਅੱਜ ਪਹਿਲਾ ਦਿਨ: ਗੁੱਗਾ ਮਾੜੀ ਵਿਖੇ ਲੱਗੀਆਂ ਲੰਬੀਆਂ ਕਤਾਰਾਂ
First day of Punjab’s famous Chhapar Mela: ਛਪਾਰ (ਲੁਧਿਆਣਾ): ਪੰਜਾਬ ਦਾ ਪ੍ਰਸਿੱਧ ਅਤੇ ਇਤਿਹਾਸਕ ਛਪਾਰ ਮੇਲਾ ਅੱਜ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ। ਪਹਿਲੇ ਦਿਨ ਚੌਕੀ ਸਮਾਗਮ ਦੌਰਾਨ ਗੁੱਗਾ ਮਾੜੀ ਵਿਖੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚੇ। ਸਵੇਰ ਤੋਂ ਹੀ ਮਾੜੀ ਵਿਖੇ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ।
ਸ਼ਰਧਾਲੂਆਂ ਨੇ ਮੱਥਾ ਟੇਕ ਕੇ ਗੁੱਗਾ ਪੀਰ ਦੀ ਪੂਜਾ ਕੀਤੀ ਅਤੇ ਮਾੜੀ ਤੋਂ ਪਵਿੱਤਰ ਮਿੱਟੀ ਕੱਢੀ। ਮੇਲੇ ਦੇ ਆਗਾਜ਼ ਨਾਲ ਹੀ ਪੂਰੇ ਇਲਾਕੇ ਵਿੱਚ ਧਾਰਮਿਕ ਮਾਹੌਲ ਦੇ ਨਾਲ ਮੇਲੇ ਵਾਲੀ ਰੌਣਕ ਵੀ ਦੇਖਣ ਨੂੰ ਮਿਲੀ।
ਮੇਲਾ ਮੈਦਾਨ ਵਿੱਚ ਲੱਗੇ ਝੂਲੇ, ਚੰਡੋਲ ਅਤੇ ਹੋਰ ਮਨੋਰੰਜਨ ਦੇ ਸਾਧਨ ਬੱਚਿਆਂ ਤੇ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਦੁਕਾਨਾਂ, ਖਾਣ-ਪੀਣ ਦੇ ਸਟਾਲਾਂ ਅਤੇ ਰੰਗ-ਬਿਰੰਗੀਆਂ ਰੌਸ਼ਨੀਆਂ ਨੇ ਮੇਲੇ ਦੀ ਰੌਣਕ ਵਧਾ ਦਿੱਤੀ ਹੈ। ਸਾਫ਼ ਮੌਸਮ ਕਾਰਨ ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਦੁਕਾਨਾਂ ’ਤੇ ਵੀ ਚੰਗੀ ਭੀੜ ਦੇਖਣ ਨੂੰ ਮਿਲੀ।
ਛਪਾਰ ਮੇਲੇ ਵਿੱਚ ਧਾਰਮਿਕ ਸ਼ਰਧਾ ਦੇ ਨਾਲ ਪੰਜਾਬੀ ਲੋਕ-ਰੰਗ, ਮਨੋਰੰਜਨ ਅਤੇ ਰਵਾਇਤੀ ਮੇਲੇ ਵਾਲਾ ਉਤਸ਼ਾਹ ਵੀ ਨਜ਼ਰ ਆ ਰਿਹਾ ਹੈ। 30 ਸਤੰਬਰ ਤੱਕ ਚੱਲਣ ਵਾਲੇ ਇਸ ਮੇਲੇ ਵਿੱਚ ਅਗਲੇ ਦਿਨਾਂ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਅਤੇ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ।
