ਅਮੂਲ ਤੇ ਮਦਰ ਡੇਅਰੀ ਤੋਂ ਬਾਅਦ ਹੁਣ ਵੇਰਕਾ ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ, ਭਲਕੇ ਜਾਣੋ ਕਿੰਨਾ ਮਹਿੰਗਾ ਮਿਲੇਗਾ ਦੁੱਧ…..
13 ਨਵੰਬਰ ਦੀ ਸਵੇਰ ਤੋਂ ਲਾਗੂ ਹੋਣਗੇ ਨਵੇਂ ਰੇਟ, ਫੁੱਲ ਕਰੀਮ, ਸਟੈਂਡਰਡ ਤੇ ਡਬਲ ਟੋਨਡ ਦੁੱਧ 1 ਤੋਂ 8 ਰੁਪਏ ਤੱਕ ਹੋਇਆ ਮਹਿੰਗਾ
verka Milk Price Hike; ਅਮੂਲ ਅਤੇ ਮਦਰ ਡੇਅਰੀ ਤੋਂ ਬਾਅਦ ਹੁਣ ਪੰਜਾਬ ਦੇ ਪ੍ਰਮੁੱਖ ਡੇਅਰੀ ਬ੍ਰਾਂਡ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਵੇਰਕਾ ਦੁੱਧ ਦੇ ਨਵੇਂ ਰੇਟ 13 ਨਵੰਬਰ 2026 ਦੀ ਸਵੇਰ ਤੋਂ ਲਾਗੂ ਹੋਣਗੇ।
ਲੁਧਿਆਣਾ ਡਿਸਟ੍ਰਿਕਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਯੂਨੀਅਨ ਲਿਮਟਿਡ ਵੱਲੋਂ ਜਾਰੀ ਹੁਕਮਾਂ ਮੁਤਾਬਕ ਵੇਰਕਾ ਦੇ ਫੁੱਲ ਕਰੀਮ, ਸਟੈਂਡਰਡ ਅਤੇ ਡਬਲ ਟੋਨਡ ਦੁੱਧ ਦੇ ਪੈਕੇਟ 1 ਤੋਂ 8 ਰੁਪਏ ਤੱਕ ਮਹਿੰਗੇ ਹੋ ਗਏ ਹਨ। ਇਸ ਨਾਲ ਹੁਣ ਦੁੱਧ ਖਰੀਦਣ ਵਾਲੇ ਗਾਹਕਾਂ ਦੀ ਜੇਬ ‘ਤੇ ਹੋਰ ਬੋਝ ਪਵੇਗਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਮੂਲ ਅਤੇ ਮਦਰ ਡੇਅਰੀ ਨੇ ਵੀ 12 ਨਵੰਬਰ 2026 ਤੋਂ ਦੁੱਧ ਦੀਆਂ ਕੀਮਤਾਂ ਵਿੱਚ 2 ਤੋਂ 4 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਸੀ। ਹੁਣ ਵੇਰਕਾ ਵੱਲੋਂ ਵੀ ਕੀਮਤਾਂ ਵਧਾਏ ਜਾਣ ਨਾਲ ਦੁੱਧ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਗਾਹਕਾਂ ‘ਤੇ ਪੈਣਾ ਤੈਅ ਹੈ।
ਪੈਕੇਟ ‘ਤੇ ਛਪੇ ਹੋਣਗੇ ਪੁਰਾਣੇ ਰੇਟ, ਗਾਹਕਾਂ ਨੂੰ ਦੇਣੇ ਪੈਣਗੇ ਨਵੇਂ ਰੇਟ
ਵੇਰਕਾ ਪ੍ਰਬੰਧਨ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਕੋਲ ਪੁਰਾਣੀ ਪੈਕੇਜਿੰਗ ਯਾਨੀ ਪੌਲੀਥੀਨ ਫ਼ਿਲਮ ਦਾ ਸਟਾਕ ਮੌਜੂਦ ਹੈ। ਇਸ ਲਈ ਜਦੋਂ ਤੱਕ ਪੁਰਾਣਾ ਸਟਾਕ ਖ਼ਤਮ ਨਹੀਂ ਹੁੰਦਾ, ਦੁੱਧ ਦੇ ਪੈਕੇਟਾਂ ‘ਤੇ ਪਹਿਲਾਂ ਵਾਲੀਆਂ ਕੀਮਤਾਂ ਹੀ ਛਪੀਆਂ ਹੋਣਗੀਆਂ।
ਹਾਲਾਂਕਿ, ਗਾਹਕਾਂ ਨੂੰ ਦੁੱਧ ਦੀ ਅਦਾਇਗੀ ਨਵੀਂ ਰੇਟ ਲਿਸਟ ਮੁਤਾਬਕ ਹੀ ਕਰਨੀ ਪਵੇਗੀ। ਇਸ ਸਬੰਧੀ ਸਾਰੇ ਡੀਲਰਾਂ ਅਤੇ ਡਿਸਟ੍ਰੀਬਿਊਟਰਾਂ ਨੂੰ ਆਪਣੀਆਂ ਦੁਕਾਨਾਂ ‘ਤੇ ਨਵੀਂ ਰੇਟ ਲਿਸਟ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਗਾਹਕਾਂ ਨੂੰ ਨਵੀਆਂ ਕੀਮਤਾਂ ਸਬੰਧੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।