ਬਠਿੰਡਾ ‘ਚ ਨਸ਼ੇ ਨਾਲ ਹੋਈ ਨੌਜਵਾਨ ਦੀ ਮੌਤ ‘ਤੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ, ਕਾਨੂੰਨ ਵਿਵਸਥਾ ‘ਤੇ ਚੁੱਕੇ ਗੰਭੀਰ ਸਵਾਲ
Punjab News; ਬੀਤੇ ਦਿਨ ਬਠਿੰਡਾ ਦੇ ਮੌੜ ਕਲਾਂ ਪਿੰਡ ਦੇ ਵਿੱਚ ਟਰੱਕ ਯੂਨੀਅਨ ਦੀ ਪਿਛਲੀ ਸਾਈਡ ਦੀਵਾਰਾਂ ਦੇ ਉੱਤੇ ਲਿਖਿਆ ਗਿਆ ਸੀ ਕਿ ਇੱਥੇ ਚਿੱਟਾ ਸਰੇਆਮ ਵਿਕਦਾ ਹੈ, ਇਸੇ ਇਲਾਕੇ ਦੇ ਵਿੱਚ ਡੇਲੀ ਪੋਸਟ ਦੀ ਟੀਮ ਦੇ ਵੱਲੋਂ ਨਸ਼ੇ ਕਾਰਨ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਵੀ ਹਰਕਤ ਦੇ ਵਿੱਚ ਆਈ ਤੇ ਕਈਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ।
ਹੁਣ ਇਸ ਮਾਮਲੇ ਤੋਂ ਬਾਅਦ ਮੌੜ ਕਲਾਂ ਪਿੰਡ ਦੇ ਵਿੱਚ ਉਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਵੀ ਪਹੁੰਚੇ ਹਨ। ਪਿੰਡ ਦਾ ਦੌਰਾ ਕਰਦਿਆਂ ਹੋਇਆਂ ਪਿੰਡ ਦੇ ਲੋਕਾਂ ਦੇ ਨਾਲ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਦੇ ਵੱਲੋਂ ਗੱਲਬਾਤ ਵੀ ਕੀਤੀ ਗਈ ਅਤੇ ਉਨਾਂ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਗਿਆ।
ਇਸ ਦੌਰਾਨ ਨਿਰੰਜਨ ਸਿੰਘ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਆਏ ਦਿਨ ਨਸ਼ੇ ਦੇ ਕਾਰਨ ਮੌਤਾਂ ਹੋ ਰਹੀਆਂ ਨੇ। ਇਹ ਉਹੀ ਜਾਣ ਸਕਦਾ ਹੈ, ਜਿਸ ਦੇ ਨਾਲ ਬੀਤਦੀ ਹੈ। ਬੀਤੇ ਦਿਨ ਜੋ ਦੀਵਾਰਾਂ ਦੇ ਉੱਤੇ ਲਿਖਿਆ ਗਿਆ ਕਿ ਇੱਥੇ ਚਿੱਟਾ ਸਰੇਆਮ ਵਿਕਦਾ ਹੈ। ਪਰ ਫਿਰ ਵੀ ਬਠਿੰਡਾ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਰੋਕਿਆ ਨਹੀਂ ਜਾ ਸਕਿਆ
ਇਸ ਦੌਰਾਨ ਨਿਰੰਜਨ ਸਿੰਘ ਦੇ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕਦਿਆਂ ਹੋਇਆ ਕਿਹਾ ਗਿਆ ਕਿ ਜੇਕਰ ਨਸ਼ਾ ਤਸਕਰ ਸ਼ਰੇਆਮ ਨਸਾ ਵੇਚ ਰਹੇ ਨੇ ਤਾਂ ਪੰਜਾਬ ਪੁਲਿਸ ਦੀ ਮਿਲੀ ਭੁਗਤ ਹੋ ਸਕਦੀ ਹੈ। ਜਾਂ ਫਿਰ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਢਿੱਲੀ ਹੈ। ਬੇਸ਼ੱਕ ਪੰਜਾਬ ਸਰਕਾਰ ”ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਚਲਾ ਰਹੀ ਹੈ, ਪਰ ਫਿਰ ਵੀ ਲਗਾਤਾਰ ਨੌਜਵਾਨਾਂ ਦੀ ਮੌਤ ਜਾਰੀ ਹੈ।
ਨਿਰੰਜਨ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਇਸ ਪੂਰੇ ਮਾਮਲੇ ਦੀ ਜਾਂਚ ਵੀ ਹੋਣੀ ਚਾਹੀਦੀ ਕਿਉਂਕਿ ਬਠਿੰਡਾ ਦੇ ਵਿੱਚ ਜਿਆਦਾ ਨਸ਼ਾ ਵਿਕ ਰਿਹਾ ਹੈ ਇਸ ਦੇ ਲਈ ਆਖਰ ਕੌਣ ਜਿੰਮੇਦਾਰ ਹੈ।