ED ਦੇ ਸਾਬਕਾ ਅਧਿਕਾਰੀ ਨੇ ਫੜਿਆ ਸਿਆਸੀ ਰਾਹ, ਨਿਰੰਜਨ ਸਿੰਘ ਅੰਮ੍ਰਿਤਪਾਲ ਦੀ ਪਾਰਟੀ ‘ਚ ਸ਼ਾਮਲ
Ex ED Officer Niranjan Singh Joins Amritpal Singh Party; ਐਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿੱਚ ਸ਼ਮੂਲੀਅਤ ਕਰ ਲਈ ਹੈ।
ਚੰਡੀਗੜ੍ਹ ਵਿੱਚ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਵਿਧਾਇਕ ਮਨਪ੍ਰੀਤ ਅਯਾਲੀ ਦੀ ਮੌਜੂਦਗੀ ਵਿੱਚ ਨਿਰੰਜਨ ਸਿੰਘ ਨੇ ਪਾਰਟੀ ਦੀ ਮੈਂਬਰਸ਼ਿਪ ਲਈ।
ਇਸ ਮੌਕੇ ਨਿਰੰਜਨ ਸਿੰਘ ਨੇ ਕਿਹਾ ਕਿ ਉਹ ਸਿਆਸੀ ਵਿਅਕਤੀ ਨਹੀਂ ਹਨ ਅਤੇ ਸਿਆਸਤ ਵਿੱਚ ਆਉਣ ਦੀ ਉਨ੍ਹਾਂ ਦੀ ਕੋਈ ਇੱਛਾ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਅੱਜ ਸਮਾਜ ਵਿੱਚ ਸਵਾਲ ਪੁੱਛਣ ਦੀ ਆਦਤ ਘੱਟ ਹੋ ਗਈ ਹੈ। ਲੋਕ ਆਪਣੇ ਨਿੱਜੀ ਫਾਇਦੇ ਅਤੇ ਨੁਕਸਾਨ ਤੱਕ ਹੀ ਸੀਮਤ ਰਹਿ ਗਏ ਹਨ।
ਨਿਰੰਜਨ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਅਤੇ ਨਸ਼ੇ ਦਾ ਮਾਫੀਆ ਚੱਲ ਰਿਹਾ ਹੈ। ਕੋਈ ਵੀ ਸਿਆਸੀ ਵਿਅਕਤੀ ਇਸ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਆਸੀ ਲੋਕ ਆਪਣੇ ਆਪ ਨੂੰ ਲੋਕਾਂ ਦਾ ਮਾਲਕ ਸਮਝਣ ਲੱਗ ਪਏ ਹਨ। ਪ੍ਰਬੰਧ ਵਿੱਚ ਬਦਲਾਅ ਲਈ ਲੋਕਾਂ ਨੂੰ ਸਵਾਲ ਪੁੱਛਣੇ ਪੈਣਗੇ ਅਤੇ ਪੰਜਾਬ ਦੇ ਹਿੱਤ ਵਿੱਚ ਖੜ੍ਹਾ ਹੋਣਾ ਪਵੇਗਾ।
ਨਿਰੰਜਨ ਸਿੰਘ ਆਪਣੇ ਕਾਰਜਕਾਲ ਦੌਰਾਨ ਕਰੀਬ 6 ਹਜ਼ਾਰ ਕਰੋੜ ਰੁਪਏ ਦੇ ਚਰਚਿਤ ਡਰੱਗ ਕੇਸ ਦੀ ਜਾਂਚ ਕਰ ਚੁੱਕੇ ਹਨ। ਇਸ ਜਾਂਚ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਵੀ ਪੁੱਛਗਿੱਛ ਕੀਤੀ ਸੀ।
ਮਜੀਠੀਆ ਤੋਂ ਪੁੱਛਗਿੱਛ ਤੋਂ ਬਾਅਦ ਨਿਰੰਜਨ ਸਿੰਘ ਦੇ ਤਬਾਦਲੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਉਨ੍ਹਾਂ ਨੇ ਆਪਣੇ ਤਬਾਦਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਵੀ ਦਿੱਤੀ ਸੀ।
ਨਿਰੰਜਨ ਸਿੰਘ ਜਲੰਧਰ ਸਥਿਤ ED ਦਫ਼ਤਰ ਵਿੱਚ ਲੰਬੇ ਸਮੇਂ ਤੱਕ ਤਾਇਨਾਤ ਰਹੇ ਅਤੇ ਇੱਥੋਂ ਹੀ ਰਿਟਾਇਰ ਹੋਏ। ED ਦੀ ਨੌਕਰੀ ਤੋਂ ਬਾਅਦ ਸਿਆਸੀ ਪਾਰਟੀ ਨਾਲ ਜੁੜਨ ਵਾਲੇ ਉਹ ਤੀਜੇ ਅਧਿਕਾਰੀ ਹਨ। ਇਸ ਤੋਂ ਪਹਿਲਾਂ ਸਾਬਕਾ ਜੁਆਇੰਟ ਡਾਇਰੈਕਟਰ ਰਾਜੇਸ਼ਵਰ ਸਿੰਘ ਨੇ BJP ਅਤੇ ਡਾ. ਸ਼ਮਸੁੱਦੀਨ ਨੇ ਕਾਂਗਰਸ ਜੁਆਇਨ ਕੀਤੀ ਸੀ।
ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਸਾਬਕਾ DSP ਬਲਵਿੰਦਰ ਸਿੰਘ ਨੇ ਵੀ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਜੁਆਇਨ ਕੀਤੀ ਹੈ। ਬਲਵਿੰਦਰ ਸਿੰਘ ਉਸ ਸਮੇਂ ਚਰਚਾ ਵਿੱਚ ਆਏ ਸਨ, ਜਦੋਂ ਕਾਂਗਰਸ ਸਰਕਾਰ ਦੌਰਾਨ ਤਤਕਾਲੀ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਉਨ੍ਹਾਂ ਦੀ ਕਾਲ ਰਿਕਾਰਡਿੰਗ ਵਾਇਰਲ ਹੋਈ ਸੀ। ਉਸ ਸਮੇਂ ਉਹ ਨਗਰ ਨਿਗਮ ਵਿੱਚ DSP ਵਜੋਂ ਤਾਇਨਾਤ ਸਨ।
