ਸਾਬਕਾ ਉਪ ਰਾਸ਼ਟਰਪਤੀ ਧਨਖੜ ਦੀ ਅਚਾਨਕ ਵਿਗੜੀ ਸਿਹਤ, AIIMS ‘ਚ ਕਰਵਾਇਆ ਭਰਤੀ
Jagdeep Dhankhar Hospitalised; ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਬੁੱਧਵਾਰ ਸਵੇਰੇ ਅਚਾਨਕ ਸਿਹਤ ਸਬੰਧੀ ਪਰੇਸ਼ਾਨੀ ਹੋਣ ਕਾਰਨ ਦਿੱਲੀ ਦੇ ਏਮਜ਼ (AIIMS) ਵਿੱਚ ਭਰਤੀ ਕਰਵਾਇਆ ਗਿਆ। ਸਵੇਰੇ ਸੈਰ ਕਰਦੇ ਸਮੇਂ ਉਹ ਅਚਾਨਕ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਪਏ। ਕੁਝ ਸਮੇਂ ਤੱਕ ਉਨ੍ਹਾਂ ਨੂੰ ਹੋਸ਼ ਨਹੀਂ ਆਇਆ।
ਇਸ ਤੋਂ ਬਾਅਦ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਘਰ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਦੀ ਟੀਮ ਨੇ ਮੁੱਢਲਾ ਇਲਾਜ ਕੀਤਾ। ਜਾਣਕਾਰੀ ਮੁਤਾਬਕ, ਸੂਚਨਾ ਮਿਲਣ ‘ਤੇ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼ (ILBS) ਦੀ ਮੈਡੀਕਲ ਟੀਮ ਅਤੇ ਏਮਜ਼ ਦੇ ਸੀਨੀਅਰ ਡਾਕਟਰ ਸੰਦੀਪ ਸੇਠ ਉਨ੍ਹਾਂ ਦੇ ਘਰ ਪਹੁੰਚੇ ਸਨ। ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਏਮਜ਼ ਪਹੁੰਚਾਇਆ ਗਿਆ।
ਪਹਿਲਾਂ ਵੀ ਹੋ ਚੁੱਕੇ ਹਨ ਬੇਹੋਸ਼, ਵਾਸ਼ਰੂਮ ‘ਚ ਵਿਗੜੀ ਸੀ ਸਿਹਤ
ਜਗਦੀਪ ਧਨਖੜ ਨੂੰ ਏਮਜ਼ ਦੇ ਕਾਰਡੀਓ-ਨਿਊਰੋ ਸੈਂਟਰ ਵਿੱਚ ਭਰਤੀ ਕੀਤਾ ਗਿਆ ਹੈ। ਕਾਰਡੀਓਲੋਜੀ ਵਿਭਾਗ ਦੇ ਡਾਕਟਰ ਉਨ੍ਹਾਂ ਦੀ ਸਿਹਤ ‘ਤੇ ਨਜ਼ਰ ਰੱਖ ਰਹੇ ਹਨ। ਫਿਲਹਾਲ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸਿਹਤ ਬਾਰੇ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ।
ਇਸ ਤੋਂ ਪਹਿਲਾਂ ਵੀ 10 ਜਨਵਰੀ ਨੂੰ ਧਨਖੜ ਨੂੰ ਸਿਹਤ ਸਬੰਧੀ ਪਰੇਸ਼ਾਨੀ ਹੋਈ ਸੀ। ਉਸ ਸਮੇਂ ਉਹ ਵਾਸ਼ਰੂਮ ਵਿੱਚ ਦੋ ਵਾਰ ਬੇਹੋਸ਼ ਹੋ ਗਏ ਸਨ। ਉਨ੍ਹਾਂ ਨੂੰ ਏਮਜ਼ ਵਿੱਚ ਭਰਤੀ ਕਰਵਾਉਣਾ ਪਿਆ ਸੀ, ਜਿੱਥੇ MRI ਸਮੇਤ ਕਈ ਜਾਂਚਾਂ ਕੀਤੀਆਂ ਗਈਆਂ ਸਨ।
ਧਨਖੜ ਨੂੰ ਪਹਿਲਾਂ ਵੀ ਰਹਿ ਚੁੱਕੀ ਹੈ ਦਿਲ ਦੀ ਸਮੱਸਿਆ
ਜਗਦੀਪ ਧਨਖੜ ਨੂੰ ਪਹਿਲਾਂ ਵੀ ਦਿਲ ਸਬੰਧੀ ਪਰੇਸ਼ਾਨੀ ਹੋ ਚੁੱਕੀ ਹੈ। ਮਾਰਚ 2025 ਵਿੱਚ ਛਾਤੀ ਵਿੱਚ ਤਕਲੀਫ਼ ਹੋਣ ਤੋਂ ਬਾਅਦ ਉਨ੍ਹਾਂ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ। ਉੱਥੇ ਉਨ੍ਹਾਂ ਦੀ ਐਂਜੀਓਪਲਾਸਟੀ ਕੀਤੀ ਗਈ ਅਤੇ ਸਟੈਂਟ ਪਾਇਆ ਗਿਆ ਸੀ।
ਇਸ ਤੋਂ ਬਾਅਦ 3 ਜੁਲਾਈ 2026 ਨੂੰ ਜੈਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਵੀ ਉਨ੍ਹਾਂ ਦੀ ਐਂਜੀਓਪਲਾਸਟੀ ਕੀਤੀ ਗਈ ਸੀ। ਇਸ ਦੌਰਾਨ ਉਨ੍ਹਾਂ ਦੀ ਦਿਲ ਦੀ ਧਮਨੀ ਵਿੱਚ ਦੋ ਸਟੈਂਟ ਪਾਏ ਗਏ ਸਨ।
ਲਗਾਤਾਰ ਵਿਗੜਦੀ ਸਿਹਤ ਅਤੇ ਡਾਕਟਰਾਂ ਦੀ ਸਲਾਹ ਕਾਰਨ ਉਨ੍ਹਾਂ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਤੁਰੰਤ ਪ੍ਰਭਾਵ ਨਾਲ ਅਹੁਦਾ ਛੱਡਣ ਦੀ ਜਾਣਕਾਰੀ ਦਿੱਤੀ ਸੀ।