1200 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਦੋਸਤ ਦਾ ਕਤਲ, ਇੱਟਾਂ ਨਾਲ ਸਿਰ ਤੇ ਸਰੀਰ ‘ਤੇ ਕੀਤੇ ਵਾਰ
Bathinda Murder; ਬਠਿੰਡਾ ਦੇ ਪਿੰਡ ਜੱਸੀ ਪੌ ਵਾਲੀ ਵਿੱਚ 1200 ਰੁਪਏ ਦੇ ਲੈਣ-ਦੇਣ ਦੇ ਵਿਵਾਦ ਨੂੰ ਲੈ ਕੇ ਇੱਕ ਨੌਜਵਾਨ ਦਾ ਉਸਦੇ ਦੋਸਤ ਵੱਲੋਂ ਇੱਟਾਂ ਨਾਲ ਹਮਲਾ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ, ਦੋਸ਼ੀ ਨੇ ਸ਼ਮਸ਼ਾਨ ਘਾਟ ਨੇੜੇ 20 ਸਾਲਾ ਮਹਿਕਦੀਪ ਸਿੰਘ ‘ਤੇ ਇੱਟ ਨਾਲ ਸਿਰ ਅਤੇ ਸਰੀਰ ‘ਤੇ ਪੰਜ ਵਾਰ ਕੀਤੇ, ਜਿਸ ਕਾਰਨ ਉਸਦੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਲਾਸ਼ ਨੂੰ ਸ਼ਮਸ਼ਾਨ ਘਾਟ ਵਿੱਚ ਹੀ ਇਕ ਕੋਨੇ ਵਿੱਚ ਰੱਖ ਦਿੱਤਾ ਗਿਆ ਅਤੇ ਮੂੰਹ ਨੂੰ ਕੱਪੜੇ ਨਾਲ ਢੱਕ ਦਿੱਤਾ ਗਿਆ।
ਮ੍ਰਿਤਕ ਦੀ ਮਾਂ ਦੇ ਬਿਆਨਾਂ ਤੋਂ ਮਿਲਿਆ ਸੁਰਾਗ
ਡੀਐਸਪੀ (ਦਿਹਾਤੀ) ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਨੌਜਵਾਨ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ। ਜਾਂਚ ਦੌਰਾਨ ਮ੍ਰਿਤਕ ਦੀ ਪਛਾਣ ਮਹਿਕਦੀਪ ਸਿੰਘ (20) ਵਜੋਂ ਹੋਈ।
ਮਹਿਕਦੀਪ ਦੀ ਮਾਂ ਨੇ ਦੱਸਿਆ ਕਿ ਉਹ ਕੁਝ ਸਮੇਂ ਤੋਂ ਘਰ ਤੋਂ ਲਾਪਤਾ ਸੀ ਅਤੇ ਆਖਰੀ ਵਾਰ ਆਪਣੇ ਦੋਸਤਾਂ ਨਾਲ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸਦੇ ਕਰੀਬੀ ਦੋਸਤ ਅਮਿਤ (18) ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ।
1200 ਰੁਪਏ ਬਣੇ ਕਤਲ ਦੀ ਵਜ੍ਹਾ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਅਮਿਤ ਨੇ ਮਹਿਕਦੀਪ ਤੋਂ 1200 ਰੁਪਏ ਲੈਣੇ ਸਨ। ਪੈਸਿਆਂ ਨੂੰ ਲੈ ਕੇ ਦੋਵਾਂ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ।
ਘਟਨਾ ਵਾਲੇ ਦਿਨ ਦੋਵੇਂ ਸ਼ਮਸ਼ਾਨ ਘਾਟ ਵਿੱਚ ਬੈਠੇ ਸਨ, ਜਿੱਥੇ ਬਹਿਸ ਵਧ ਗਈ। ਇਸ ਦੌਰਾਨ ਅਮਿਤ ਨੇ ਉੱਥੇ ਪਈ ਇੱਟ ਨਾਲ ਮਹਿਕਦੀਪ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸਦੀ ਮੌਤ ਹੋ ਗਈ।
ਪੁਲਿਸ ਨੇ ਦੋਸ਼ੀ ਕੀਤਾ ਗ੍ਰਿਫ਼ਤਾਰ
ਪੁਲਿਸ ਨੇ ਦੋਸ਼ੀ ਅਮਿਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਾਰਦਾਤ ਵਿੱਚ ਵਰਤੀ ਗਈ ਇੱਟ ਅਤੇ ਹੋਰ ਸਬੂਤ ਕਬਜ਼ੇ ਵਿੱਚ ਲੈ ਲਏ ਗਏ ਹਨ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਵਾਰਦਾਤ ਸਮੇਂ ਕੋਈ ਹੋਰ ਵਿਅਕਤੀ ਮੌਜੂਦ ਸੀ ਜਾਂ ਨਹੀਂ।
