FSSAI ਦੀ ਡਾਬਰ ‘ਤੇ ਵੱਡੀ ਕਾਰਵਾਈ, ਕਈ ਉਤਪਾਦਾਂ ਦੀ ਵਿਕਰੀ ਰੋਕਣ ਦੇ ਹੁਕਮ
FSSAI action against Dabur: ਨਵੀਂ ਦਿੱਲੀ: ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਡਾਬਰ ਇੰਡੀਆ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਕੰਪਨੀ ਨੂੰ “100%” ਦਾਅਵਿਆਂ ਨਾਲ ਵੇਚੇ ਜਾ ਰਹੇ ਕਈ ਭੋਜਨ ਉਤਪਾਦਾਂ ਦੀ ਵਿਕਰੀ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਕੰਪਨੀ ਨੂੰ 15 ਦਿਨਾਂ ਦੇ ਅੰਦਰ ਕੀਤੀ ਗਈ ਕਾਰਵਾਈ ਬਾਰੇ ਰਿਪੋਰਟ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। FSSAI ਅਨੁਸਾਰ, ਡਾਬਰ ਵੱਲੋਂ “100% ਕੁਦਰਤੀ”, “100% ਸ਼ੁੱਧ”, “100% ਸ਼ੁੱਧਤਾ ਦੀ ਗਰੰਟੀ”, “100% ਆਰਗੈਨਿਕ” ਅਤੇ “100% ਟੈਂਡਰ ਨਾਰੀਅਲ ਪਾਣੀ” ਵਰਗੇ ਦਾਅਵੇ ਕੀਤੇ ਗਏ, ਜੋ ਫੂਡ ਸੇਫਟੀ ਐਂਡ ਸਟੈਂਡਰਡਜ਼ (ਇਸ਼ਤਿਹਾਰਬਾਜ਼ੀ ਅਤੇ ਦਾਅਵੇ) ਨਿਯਮ, 2018 ਦੇ ਉਲਟ ਹਨ। ਰੈਗੂਲੇਟਰ ਦਾ ਕਹਿਣਾ ਹੈ ਕਿ ਅਜਿਹੇ ਦਾਅਵੇ ਅਸਪਸ਼ਟ, ਅਪ੍ਰਮਾਣਿਤ ਅਤੇ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲੇ ਹਨ।
ਜਿਨ੍ਹਾਂ ਉਤਪਾਦਾਂ ‘ਤੇ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਿੱਚ ਆਰਗੈਨਿਕ ਐਪਲ ਸਾਈਡਰ ਵਿਨੇਗਰ, ਆਰਗੈਨਿਕ ਸ਼ਹਿਦ, ਹੋਮਸਟਾਈਲ ਨਾਰੀਅਲ ਦਾ ਦੁੱਧ, ਤਿਲ ਦਾ ਤੇਲ ਅਤੇ ਗਾਂ ਦਾ ਘਿਓ ਸ਼ਾਮਲ ਹਨ। FSSAI ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਡਾਬਰ ਹਿਮਾਲੀਅਨ ਆਰਗੈਨਿਕ ਐਪਲ ਸਾਈਡਰ ਵਿਨੇਗਰ ਅਤੇ ਡਾਬਰ ਆਰਗੈਨਿਕ ਹਨੀ ‘ਤੇ “ਆਰਗੈਨਿਕ ਇੰਡੀਆ” ਲੋਗੋ ਦੀ ਵਰਤੋਂ ਕੀਤੀ ਗਈ, ਜੋ ਫੂਡ ਸੇਫਟੀ ਐਂਡ ਸਟੈਂਡਰਡਜ਼ (ਆਰਗੈਨਿਕ ਫੂਡਜ਼) ਰੈਗੂਲੇਸ਼ਨਜ਼, 2017 ਦੀ ਉਲੰਘਣਾ ਮੰਨੀ ਗਈ ਹੈ।
ਰੈਗੂਲੇਟਰ ਨੇ ਕਿਹਾ ਕਿ ਕੰਪਨੀ ਨੂੰ ਪਹਿਲਾਂ ਵੀ ਅਜਿਹੇ ਦਾਅਵੇ ਹਟਾਉਣ ਲਈ ਨੋਟਿਸ ਜਾਰੀ ਕੀਤੇ ਗਏ ਸਨ। ਹੁਣ ਡਾਬਰ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਤੁਰੰਤ ਪ੍ਰਭਾਵ ਨਾਲ ਇਨ੍ਹਾਂ ਉਤਪਾਦਾਂ ਦੀ ਵਿਕਰੀ ਰੋਕੇ ਅਤੇ 15 ਦਿਨਾਂ ਦੇ ਅੰਦਰ ਰਿਪੋਰਟ ਜਮ੍ਹਾਂ ਕਰਵਾਏ।
