Journalism Of Hope
BREAKING NEWS
ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਦੀ ਬਦਲੀ ਤਰੀਕ, ਪੜ੍ਹੋ ਹੁਣ ਕਦੋਂ ਹੋਏਗਾ ਸ਼ੋਅ.....LPU ਹਿੰਸਾ ਮਾਮਲਾ: ਵਿਦਿਆਰਥੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ......ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ’ਚ ਫ਼ਿਰੋਜ਼ਪੁਰ ਤੋਂ ਫੌਜੀ ਦੀ ਪਤਨੀ ਗ੍ਰਿਫ਼ਤਾਰ.....ਜਗਤਾਰ ਹਵਾਰਾ ਨੇ ਪੈਰੋਲ ਲਈ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ.....ਵੱਡੀ ਖ਼ਬਰ: CJP ਦੇ ਤਿੰਨੇ ਆਗੂ 23 ਘੰਟਿਆਂ ਬਾਅਦ ਰਿਹਾਅ......ਜੈਸਮੀਨ ਸੈਂਡਲਾਸ ਨੇ ਰੇਨਬੋ ਦੁਪੱਟਾ ਪਹਿਨ ਕੇ LGBTQ+ ਭਾਈਚਾਰੇ ਦੇ ਹੱਕ ’ਚ ਦਿੱਤਾ ਸੁਨੇਹਾ....ਦੁਨੀਆ ਦੇ ਚੋਟੀ ਦੇ 2% ਵਿਗਿਆਨੀਆਂ ਦੀ ਸੂਚੀ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 15 ਪ੍ਰੋਫੈਸਰ ਸ਼ਾਮਲ.....ਰੇਲਵੇ ਸਟੇਸ਼ਨ ’ਤੇ ਟਰੇਨ ਮੈਨੇਜਰ ਨਾਲ ਕੁੱਟਮਾਰ ਦਾ ਮਾਮਲਾ, ਸਟੇਸ਼ਨ ਸੁਪਰਡੈਂਟ ਸਸਪੈਂਡ

ਗਿਆਸਪੁਰਾ ਮੁਆਫ਼ੀ ਮੰਗਣ, ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ: ਜਸਕਰਨ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਅੰਦਰ ਜਾਣ ਤੋਂ ਰੋਕੇ ਜਾਣ ਦਾ ਮਾਮਲਾ ਭਖ ਗਿਆ ਹੈ। ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਮੀਡਿਆ ਸਲਾਹਕਾਰ ਜਸਕਰਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਗਿਆਸਪੁਰਾ ਨੂੰ ਜਾਤੀ ਦੇ ਆਧਾਰ ’ਤੇ ਨਹੀਂ, […]
By : Updated On: 12 Oct 2026 15:10:PM
ਗਿਆਸਪੁਰਾ ਮੁਆਫ਼ੀ ਮੰਗਣ, ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ: ਜਸਕਰਨ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਅੰਦਰ ਜਾਣ ਤੋਂ ਰੋਕੇ ਜਾਣ ਦਾ ਮਾਮਲਾ ਭਖ ਗਿਆ ਹੈ। ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਮੀਡਿਆ ਸਲਾਹਕਾਰ ਜਸਕਰਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਗਿਆਸਪੁਰਾ ਨੂੰ ਜਾਤੀ ਦੇ ਆਧਾਰ ’ਤੇ ਨਹੀਂ, ਸਗੋਂ ਉਨ੍ਹਾਂ ਵੱਲੋਂ ਪਹਿਲਾਂ ਸਿੱਖ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਬਾਰੇ ਕਥਿਤ ਤੌਰ ’ਤੇ ਵਰਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਕਾਰਨ ਜਥੇਦਾਰ ਸਾਹਿਬ ਦੇ ਆਦੇਸ਼ ’ਤੇ ਰੋਕਿਆ ਗਿਆ ਸੀ। ਜਸਕਰਨ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਕਿਸੇ ਵੀ ਵਿਅਕਤੀ ਨਾਲ ਉਸ ਦੇ ਧਰਮ, ਜਾਤ ਜਾਂ ਪਿਛੋਕੜ ਦੇ ਆਧਾਰ ’ਤੇ ਵਿਤਕਰਾ ਨਹੀਂ ਕੀਤਾ ਜਾਂਦਾ। ਉਨ੍ਹਾਂ ਨੇ ਇਸ ਦਾਅਵੇ ਨੂੰ ਵੀ ਨਕਾਰਿਆ ਕਿ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਉਨ੍ਹਾਂ ਦੀ ਜਾਤੀ ਕਾਰਨ ਅੰਦਰ ਜਾਣ ਤੋਂ ਰੋਕਿਆ ਗਿਆ ਸੀ।ਜਸਕਰਨ ਸਿੰਘ ਨੇ ਦੱਸਿਆ ਕਿ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਬੀਤੇ ਸਮੇਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸਤਿਕਾਰਤ ਸਿੱਖ ਸ਼ਖ਼ਸੀਅਤਾਂ ਬਾਰੇ ਕਥਿਤ ਤੌਰ ’ਤੇ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ ਸੀ। ਉਨ੍ਹਾਂ ਮੁਤਾਬਕ ਇਸੇ ਕਾਰਨ ਗਿਆਸਪੁਰਾ ਨੂੰ ਸਕੱਤਰੇਤ ਵਿੱਚ ਦਾਖ਼ਲ ਹੋਣ ਤੋਂ ਰੋਕਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ 29 ਜੂਨ ਨੂੰ ਵਿਧਾਇਕਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਮਦ ਦੌਰਾਨ ਬੇਅਦਬੀ ਨਾਲ ਸਬੰਧਤ ਕਾਨੂੰਨ ਦੇ ਮਸਲੇ ’ਤੇ ਵਿਚਾਰ-ਵਟਾਂਦਰਾ ਹੋਇਆ ਸੀ। ਜਸਕਰਨ ਸਿੰਘ ਦੇ ਦਾਅਵੇ ਅਨੁਸਾਰ, ਉਸ ਸਮੇਂ ਵਿਧਾਇਕਾਂ ਨੇ ਕਾਨੂੰਨ ਵਿੱਚ ਖ਼ਾਮੀਆਂ ਦੂਰ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਠਾਏ ਇਤਰਾਜ਼ਾਂ ਨੂੰ ਦੂਰ ਕਰਨ ਦੀ ਗੱਲ ਕਹੀ ਸੀ। ਪਰ ਬਾਅਦ ਵਿੱਚ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਮੀਡੀਆ ਵਿੱਚ ਦਿੱਤੇ ਗਏ ਬਿਆਨਾਂ ਨੂੰ ਜਸਕਰਨ ਸਿੰਘ ਨੇ ਇਤਰਾਜ਼ਯੋਗ ਕਰਾਰ ਦਿੱਤਾ।
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਜਾਤੀ ਦੇ ਆਧਾਰ ’ਤੇ ਰੋਕੇ ਜਾਣ ਦੇ ਦੋਸ਼ਾਂ ਬਾਰੇ ਜਸਕਰਨ ਸਿੰਘ ਨੇ ਕਿਹਾ ਕਿ ਉਸੇ ਭਾਈਚਾਰੇ ਨਾਲ ਸਬੰਧਤ ਦੋ ਹੋਰ ਵਿਧਾਇਕ ਦਲਬੀਰ ਸਿੰਘ ਟੌਂਗ ਅਤੇ ਕੁਲਵੰਤ ਸਿੰਘ ਪੰਡੋਰੀ ਵੀ ਵਿਧਾਇਕਾਂ ਦੇ ਵਫ਼ਦ ਨਾਲ ਆਏ ਸਨ ਅਤੇ ਉਨ੍ਹਾਂ ਨੂੰ ਸਤਿਕਾਰ ਸਹਿਤ ਅੰਦਰ ਬਿਠਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਜਾਤੀ ਦੇ ਆਧਾਰ ’ਤੇ ਕਿਸੇ ਨੂੰ ਰੋਕਣ ਦੀ ਨੀਤੀ ਹੁੰਦੀ ਤਾਂ ਦੂਜੇ ਵਿਧਾਇਕਾਂ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਾ ਦਿੱਤੀ ਜਾਂਦੀ। ਜਸਕਰਨ ਸਿੰਘ ਨੇ ਦਾਅਵਾ ਕੀਤਾ ਕਿ ਵਫ਼ਦ ਨਾਲ ਆਏ ਵਿਧਾਇਕਾਂ ਦੀ ਗੱਲ ਸੁਣੀ ਗਈ, ਉਨ੍ਹਾਂ ਨੂੰ ਚਾਹ ਪਿਲਾਈ ਗਈ ਅਤੇ ਉਨ੍ਹਾਂ ਦਾ ਸਤਿਕਾਰ ਕੀਤਾ ਗਿਆ।

ਇਸ਼ਤਿਹਾਰ

ਜਸਕਰਨ ਸਿੰਘ ਨੇ ਦੱਸਿਆ ਕਿ ਵਿਧਾਇਕਾਂ ਦੇ ਆਉਣ ਸਬੰਧੀ ਪਹਿਲਾਂ ਤੋਂ ਕੋਈ ਅਧਿਕਾਰਤ ਸੂਚੀ ਜਾਂ ਸਮਾਂ ਨਹੀਂ ਮਿਲਿਆ ਸੀ। ਉਨ੍ਹਾਂ ਮੁਤਾਬਕ, ਸਵੇਰੇ ਡੀਪੀਆਰਓ ਇੰਦਰਜੀਤ ਸਿੰਘ ਹਰਪੁਰਾ ਦਾ ਫ਼ੋਨ ਆਇਆ ਸੀ ਕਿ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪਹੁੰਚਣਗੇ। ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਵਿਧਾਇਕਾਂ ਦਾ ਏਜੰਡਾ ਸਪੱਸ਼ਟ ਨਹੀਂ ਸੀ, ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਾਪਰੀ ਘਟਨਾ ਸਬੰਧੀ ਮੰਗ ਪੱਤਰ ਦੇਣ ਆ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਆਉਣ ਲਈ ਸਹਿਮਤੀ ਦਿੱਤੀ ਗਈ। ਜਸਕਰਨ ਸਿੰਘ ਮੁਤਾਬਕ, ਜਦੋਂ ਵਿਧਾਇਕ ਦਰਬਾਰ ਸਾਹਿਬ ਕੰਪਲੈਕਸ ਵਿੱਚ ਪਹੁੰਚੇ ਤਾਂ ਮੌਕੇ ’ਤੇ ਹੀ ਪਤਾ ਲੱਗਾ ਕਿ ਵਫ਼ਦ ਵਿੱਚ ਕੌਣ-ਕੌਣ ਸ਼ਾਮਲ ਹੈ ਅਤੇ ਇਸੇ ਦੌਰਾਨ ਗਿਆਸਪੁਰਾ ਨੂੰ ਰੋਕਣ ਦਾ ਫ਼ੈਸਲਾ ਲਾਗੂ ਕੀਤਾ ਗਿਆ।

ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੁਲਿਸ ਦੀ ਕਾਰਵਾਈ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਨਾਅਰੇਬਾਜ਼ੀ ਦੇ ਮਾਮਲੇ ’ਤੇ ਜਸਕਰਨ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੀ ਆਪਣੀ ਮਰਿਆਦਾ ਹੁੰਦੀ ਹੈ, ਜਿਸ ਦੀ ਪਾਲਣਾ ਕਰਨੀ ਸਾਰਿਆਂ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੇ ਦਰਵਾਜ਼ੇ ਹਰ ਧਰਮ ਅਤੇ ਹਰ ਵਰਗ ਦੇ ਲੋਕਾਂ ਲਈ ਖੁੱਲ੍ਹੇ ਹਨ। ਕੋਈ ਵੀ ਵਿਅਕਤੀ ਮੱਥਾ ਟੇਕਣ, ਲੰਗਰ ਛਕਣ ਜਾਂ ਸ਼ਰਨ ਲੈਣ ਲਈ ਆ ਸਕਦਾ ਹੈ, ਪਰ ਗੁਰਦੁਆਰਾ ਸਾਹਿਬ ਦੇ ਅੰਦਰ ਸਿਆਸੀ ਸਰਗਰਮੀਆਂ ਜਾਂ ਨਾਅਰੇਬਾਜ਼ੀ ਕਰਨਾ ਮਰਿਆਦਾ ਦੇ ਉਲਟ ਹੈ। ਜਸਕਰਨ ਸਿੰਘ ਨੇ ਦਿੱਲੀ ਦੇ ਮਾਮਲੇ ਵਿੱਚ ਕਿਹਾ ਕਿ ਉਨ੍ਹਾਂ ਕੋਲ ਪਹੁੰਚੀਆਂ ਵੀਡੀਓਜ਼ ਅਤੇ ਤਸਵੀਰਾਂ ਵਿੱਚ ਕੁਝ ਪ੍ਰਦਰਸ਼ਨਕਾਰੀ ਤਖ਼ਤੀਆਂ ਲੈ ਕੇ ਅੰਦਰ ਆਉਂਦੇ ਅਤੇ ਕਥਿਤ ਤੌਰ ’ਤੇ ਨਾਅਰੇਬਾਜ਼ੀ ਕਰਦੇ ਦਿਖਾਈ ਦਿੱਤੇ। ਉਨ੍ਹਾਂ ਅਨੁਸਾਰ, ਜੇਕਰ ਗੁਰਦੁਆਰਾ ਕੰਪਲੈਕਸ ਵਿੱਚ ਅਜਿਹੀਆਂ ਸਰਗਰਮੀਆਂ ਹੋਈਆਂ ਜਾਂ ਪੁਲਿਸ ਅੰਦਰ ਦਾਖ਼ਲ ਹੋਈ, ਤਾਂ ਇਸ ਸਬੰਧੀ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਦਿੱਤਾ ਗਿਆ ਮੰਗ ਪੱਤਰ ਜਥੇਦਾਰ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਜਵਾਬ ਮੰਗਿਆ ਜਾ ਸਕਦਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਾਮਲੇ ਦੀ ਘੋਖ-ਪੜਤਾਲ ਕੀਤੀ ਜਾਵੇਗੀ।ਜਸਕਰਨ ਸਿੰਘ ਨੇ ਕਿਹਾ ਕਿ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੱਖ ਪੰਥ ਅਤੇ ਸਤਿਕਾਰਤ ਸਿੱਖ ਸੰਸਥਾਵਾਂ ਬਾਰੇ ਕਥਿਤ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਗਿਆਸਪੁਰਾ ਵੱਲੋਂ ਮੁਆਫ਼ੀ ਨਾ ਮੰਗੀ ਗਈ ਤਾਂ ਜਥੇਦਾਰ ਸਾਹਿਬ ਦੇ ਆਦੇਸ਼ ਅਨੁਸਾਰ ਉਨ੍ਹਾਂ ਖ਼ਿਲਾਫ਼ ਅਗਲੇ ਦਿਨਾਂ ਵਿੱਚ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਵਿਧਾਇਕਾਂ ਦੇ ਵਫ਼ਦ ਦੀ ਅਗਵਾਈ ਕਰ ਰਹੇ ਨਿੱਜਰ ਸਾਹਿਬ ਸਮੇਤ ਹੋਰ ਵਿਧਾਇਕਾਂ ਨੂੰ ਇਸ ਮਾਮਲੇ ਸਬੰਧੀ ਆਪਣਾ ਪੱਖ ਮੀਡੀਆ ਸਾਹਮਣੇ ਸਪੱਸ਼ਟ ਕਰਨ ਲਈ ਕਿਹਾ ਗਿਆ ਸੀ। ਜੇਕਰ ਉਹ ਇਸ ਸਬੰਧੀ ਸਪੱਸ਼ਟੀਕਰਨ ਨਹੀਂ ਦਿੰਦੇ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਜਸਕਰਨ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਕਿਸੇ ਨਾਲ ਜਾਤੀ ਦੇ ਆਧਾਰ ’ਤੇ ਵਿਤਕਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਵਿੱਚ ਹਰ ਵਿਅਕਤੀ ਦਾ ਸਤਿਕਾਰ ਹੈ, ਪਰ ਸਿੱਖ ਸੰਸਥਾਵਾਂ ਅਤੇ ਜਥੇਦਾਰ ਸਾਹਿਬ ਬਾਰੇ ਇਤਰਾਜ਼ਯੋਗ ਟਿੱਪਣੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।

Read Latest News and Breaking News at Daily Post TV, Browse for more News

Ad
Ad

Punjab District News