ਗਿੱਪੀ ਗਰੇਵਾਲ ਦੇ ਏਅਰ ਕੈਨੇਡਾ ’ਤੇ ਦੋਸ਼, ਭੁਗਤਾਨ ਬਿਜ਼ਨਸ ਕਲਾਸ ਟਿਕਟ ਦਾ, ਪਰ ਮਿਲੀ ਇਕਾਨਮੀ ਸੀਟ
Gippy Grewal accuses Air Canada : ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਫਲਾਈਟ ਵਿੱਚ ਆਪਣੇ ਨਾਲ ਹੋਏ ਕਥਿਤ ਵਿਵਹਾਰ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਗਿੱਪੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ’ਤੇ ਪੋਸਟ ਸਾਂਝੀ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੇ ਬਿਜ਼ਨਸ ਕਲਾਸ ਦੀ ਸੀਟ ਲਈ ਭੁਗਤਾਨ ਕੀਤਾ ਸੀ, ਪਰ ਉਨ੍ਹਾਂ ਨੂੰ ਇਕਾਨਮੀ ਕਲਾਸ ਵਿੱਚ ਬਿਠਾਇਆ ਗਿਆ। ਗਿੱਪੀ ਮੁਤਾਬਕ ਜਦੋਂ ਉਨ੍ਹਾਂ ਨੇ ਏਅਰਲਾਈਨ ਦੇ ਸਟਾਫ ਤੋਂ ਸੀਟ ਬਦਲਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੂੰ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਉਨ੍ਹਾਂ ਦਾ ਦਾਅਵਾ ਹੈ ਕਿ ਸਟਾਫ ਵੱਲੋਂ ਕਿਹਾ ਗਿਆ ਕਿ ਅਜਿਹਾ ਹੋ ਗਿਆ ਹੈ ਅਤੇ ਹੁਣ ਕੁਝ ਨਹੀਂ ਕੀਤਾ ਜਾ ਸਕਦਾ। ਗਿੱਪੀ ਨੇ ਇਹ ਵੀ ਦੋਸ਼ ਲਾਇਆ ਕਿ ਮਾਮਲੇ ’ਤੇ ਇਤਰਾਜ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਫਲਾਈਟ ਲੈਣ ਜਾਂ ਜਹਾਜ਼ ਤੋਂ ਉਤਰ ਜਾਣ ਲਈ ਕਿਹਾ ਗਿਆ।

‘ਕੋਈ ਵਾਧੂ ਸਹੂਲਤ ਨਹੀਂ, ਸਿਰਫ਼ ਆਪਣੀ ਸੀਟ ਮੰਗੀ ਸੀ’
ਗਿੱਪੀ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਉਹ ਏਅਰਲਾਈਨ ਤੋਂ ਕੋਈ ਵਾਧੂ ਸਹੂਲਤ ਨਹੀਂ ਮੰਗ ਰਹੇ ਸਨ। ਉਨ੍ਹਾਂ ਦੀ ਮੰਗ ਸਿਰਫ਼ ਇਹ ਸੀ ਕਿ ਜਿਸ ਬਿਜ਼ਨਸ ਕਲਾਸ ਸੀਟ ਲਈ ਉਨ੍ਹਾਂ ਨੇ ਪੈਸੇ ਦਿੱਤੇ ਹਨ, ਉਹੀ ਸੀਟ ਦਿੱਤੀ ਜਾਵੇ ਅਤੇ ਸੀਟ ਬਦਲਣ ਦਾ ਕਾਰਨ ਦੱਸਿਆ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਦੌਰਾਨ ਉਨ੍ਹਾਂ ਤੋਂ ਮੁਆਫ਼ੀ ਤੱਕ ਨਹੀਂ ਮੰਗੀ ਗਈ। ਗਿੱਪੀ ਨੇ ਇਸ ਪੂਰੇ ਤਜਰਬੇ ਨੂੰ ਬੇਹੱਦ ਨਿਰਾਸ਼ਾਜਨਕ ਦੱਸਿਆ।
ਏਅਰ ਕੈਨੇਡਾ ਨੇ ਮੰਗੀ ਮੁਆਫ਼ੀ
ਗਿੱਪੀ ਦੀ ਪੋਸਟ ਤੋਂ ਬਾਅਦ ਏਅਰ ਕੈਨੇਡਾ ਨੇ ‘X’ ’ਤੇ ਜਵਾਬ ਦਿੰਦਿਆਂ ਘਟਨਾ ਲਈ ਅਫ਼ਸੋਸ ਜ਼ਾਹਰ ਕੀਤਾ ਅਤੇ ਮੁਆਫ਼ੀ ਮੰਗੀ। ਏਅਰਲਾਈਨ ਨੇ ਗਿੱਪੀ ਨੂੰ ਆਪਣਾ ਬੁਕਿੰਗ ਰੈਫਰੈਂਸ ਅਤੇ ਟਿਕਟ ’ਤੇ ਦਰਜ ਪੂਰਾ ਨਾਮ ਨਿੱਜੀ ਸੁਨੇਹੇ (DM) ਰਾਹੀਂ ਭੇਜਣ ਲਈ ਕਿਹਾ, ਤਾਂ ਜੋ ਮਾਮਲੇ ਦੀ ਜਾਂਚ ਕੀਤੀ ਜਾ ਸਕੇ। ਹਾਲਾਂਕਿ ਏਅਰਲਾਈਨ ਦੇ ਜਵਾਬ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਬਿਜ਼ਨਸ ਕਲਾਸ ਦੀ ਬੁਕਿੰਗ ਹੋਣ ਦੇ ਬਾਵਜੂਦ ਗਿੱਪੀ ਨੂੰ ਇਕਾਨਮੀ ਸੀਟ ਕਿਉਂ ਦਿੱਤੀ ਗਈ ਜਾਂ ਸੀਟ ਬਦਲਣ ਦੀ ਸਥਿਤੀ ਕਿਵੇਂ ਬਣੀ।
AC1504 ਫਲਾਈਟ ਨਾਲ ਜੁੜਿਆ ਮਾਮਲਾ
ਗਿੱਪੀ ਗਰੇਵਾਲ ਨੇ ਜਿਸ ਫਲਾਈਟ ਬਾਰੇ ਸ਼ਿਕਾਇਤ ਕੀਤੀ ਹੈ, ਉਹ ਏਅਰ ਕੈਨੇਡਾ ਦੀ AC1504 ਦੱਸੀ ਗਈ ਹੈ। ਇਹ ਫਲਾਈਟ ਕੈਨੇਡਾ ਦੇ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ (YYZ) ਤੋਂ ਅਮਰੀਕਾ ਦੇ ਨਿਊਯਾਰਕ ਸਥਿਤ ਨੇਵਾਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ (EWR) ਤੱਕ ਜਾਂਦੀ ਹੈ। 16 ਸਤੰਬਰ 2026 ਦੀ ਇਸ ਫਲਾਈਟ ਦਾ ਨਿਰਧਾਰਤ ਰਵਾਨਗੀ ਸਮਾਂ ਟੋਰਾਂਟੋ ਤੋਂ ਦੁਪਹਿਰ 12 ਵਜੇ ਅਤੇ ਨੇਵਾਰਕ ਪਹੁੰਚਣ ਦਾ ਸਮਾਂ ਦੁਪਹਿਰ 1:35 ਵਜੇ ਦੱਸਿਆ ਗਿਆ ਹੈ। ਫਲਾਈਟ ਲਈ ਏਅਰਬੱਸ A320 ਜਹਾਜ਼ ਦਾ ਵੇਰਵਾ ਦਰਜ ਹੈ ਅਤੇ ਨਿਰਧਾਰਤ ਉਡਾਣ ਸਮਾਂ ਲਗਭਗ 1 ਘੰਟਾ 35 ਮਿੰਟ ਹੈ।
