ਗਲੇਨ ਮੈਕਸਵੈੱਲ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ
ਨਵੀਂ ਦਿੱਲੀ: ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਸ਼ਾਨਦਾਰ ਕੌਮਾਂਤਰੀ ਕਰੀਅਰ ਦਾ ਅੰਤ ਹੋ ਗਿਆ। ਕ੍ਰਿਕਇੰਫੋ ਦੀ ਰਿਪੋਰਟ ਮੁਤਾਬਕ, 38 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਿਹਾ। ‘ਦਿ ਬਿਗ ਸ਼ੋ’ ਦੇ ਨਾਂ ਨਾਲ ਮਸ਼ਹੂਰ ਮੈਕਸਵੈੱਲ ਆਪਣੀ ਧਮਾਕੇਦਾਰ ਬੱਲੇਬਾਜ਼ੀ, ਆਫ਼ ਸਪਿਨ ਗੇਂਦਬਾਜ਼ੀ ਅਤੇ ਸ਼ਾਨਦਾਰ ਫੀਲਡਿੰਗ ਲਈ ਜਾਣੇ ਜਾਂਦੇ ਰਹੇ। ਰਿਵਰਸ ਸਵੀਪ, ਸਵਿੱਚ ਹਿੱਟ ਅਤੇ ਮੈਦਾਨ ਦੇ ਹਰ ਕੋਨੇ ਵਿੱਚ ਸ਼ਾਟ ਲਗਾਉਣ ਦੀ ਸਮਰੱਥਾ ਨੇ ਉਨ੍ਹਾਂ ਨੂੰ ਦੁਨੀਆ ਦੇ ਖ਼ਤਰਨਾਕ ਵ੍ਹਾਈਟ-ਬਾਲ ਬੱਲੇਬਾਜ਼ਾਂ ਵਿੱਚ ਸ਼ਾਮਲ ਕੀਤਾ।
2012 ਵਿੱਚ ਕੀਤਾ ਸੀ ਕੌਮਾਂਤਰੀ ਡੈਬਿਊ
ਮੈਕਸਵੈੱਲ ਨੇ 25 ਅਗਸਤ 2012 ਨੂੰ ਸ਼ਾਰਜਾਹ ਵਿੱਚ ਅਫਗਾਨਿਸਤਾਨ ਖ਼ਿਲਾਫ਼ ਆਪਣਾ ਵਨਡੇ ਡੈਬਿਊ ਕੀਤਾ ਸੀ। ਇਸ ਤੋਂ ਬਾਅਦ 5 ਸਤੰਬਰ 2012 ਨੂੰ ਦੁਬਈ ਵਿੱਚ ਪਾਕਿਸਤਾਨ ਖ਼ਿਲਾਫ਼ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਪਹਿਲਾ ਮੈਚ ਖੇਡਿਆ। ਉਨ੍ਹਾਂ ਨੇ 2013 ਵਿੱਚ ਭਾਰਤ ਦੌਰੇ ਦੌਰਾਨ ਹੈਦਰਾਬਾਦ ਵਿੱਚ ਟੈਸਟ ਕ੍ਰਿਕਟ ਵਿੱਚ ਕਦਮ ਰੱਖਿਆ।
ਦੋ ਵਾਰ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਰਹੇ ਹਿੱਸਾ
ਮੈਕਸਵੈੱਲ 2015 ਅਤੇ 2023 ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਆਸਟ੍ਰੇਲੀਆਈ ਟੀਮ ਦਾ ਅਹਿਮ ਹਿੱਸਾ ਸਨ। 2015 ਵਿਸ਼ਵ ਕੱਪ ਵਿੱਚ ਉਨ੍ਹਾਂ ਨੇ 182.02 ਦੇ ਸ਼ਾਨਦਾਰ ਸਟ੍ਰਾਈਕ ਰੇਟ ਨਾਲ 324 ਦੌੜਾਂ ਬਣਾਈਆਂ ਸਨ। 2023 ਵਿਸ਼ਵ ਕੱਪ ਵਿੱਚ ਅਫਗਾਨਿਸਤਾਨ ਖ਼ਿਲਾਫ਼ ਉਨ੍ਹਾਂ ਦੀ ਨਾਬਾਦ 201 ਦੌੜਾਂ ਦੀ ਪਾਰੀ ਨੂੰ ਵਨਡੇ ਕ੍ਰਿਕਟ ਦੀਆਂ ਯਾਦਗਾਰ ਪਾਰੀਆਂ ਵਿੱਚ ਗਿਣਿਆ ਜਾਂਦਾ ਹੈ।
ਅਜਿਹਾ ਰਿਹਾ ਕੌਮਾਂਤਰੀ ਕਰੀਅਰ
ਵਨਡੇ: 149 ਮੈਚ, 3,990 ਦੌੜਾਂ, 4 ਸੈਂਕੜੇ ਅਤੇ 23 ਅਰਧ ਸੈਂਕੜੇ; 77 ਵਿਕਟਾਂ।
ਟੀ-20 ਕੌਮਾਂਤਰੀ: 130 ਮੈਚ, 2,897 ਦੌੜਾਂ ਅਤੇ 51 ਵਿਕਟਾਂ।
ਟੈਸਟ: 7 ਮੈਚ, 339 ਦੌੜਾਂ ਅਤੇ 8 ਵਿਕਟਾਂ।