ਪੰਜਾਬ ‘ਚ ਵਾਧੂ ਬਿਜਲੀ ਬਿੱਲ ਆਉਣ ਤੋਂ ਪ੍ਰੇਸ਼ਾਨ ਲੋਕਾਂ ਲਈ ਸਰਕਾਰ ਵੱਡਾ ਐਲਾਨ, ਕਰੀਬ 64 ਹਜ਼ਾਰ ਘਰਾਂ ਨੂੰ ਮਿਲੇਗਾ ਸਬਸਿਡੀ ਦਾ ਲਾਭ
Punjab Powercom Electricity Bill Correction; ਪੰਜਾਬ ਵਿੱਚ ਵੱਧ ਬਿਜਲੀ ਬਿੱਲਾਂ ਤੋਂ ਪਰੇਸ਼ਾਨ ਖਪਤਕਾਰਾਂ ਲਈ ਰਾਹਤ ਦੀ ਖ਼ਬਰ ਹੈ। ਜਿਨ੍ਹਾਂ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੀ ਸਬਸਿਡੀ ਦਾ ਲਾਭ ਨਹੀਂ ਮਿਲਿਆ ਸੀ, ਉਨ੍ਹਾਂ ਦੀ ਸਮੱਸਿਆ ਹੁਣ ਦੂਰ ਕੀਤੀ ਜਾਵੇਗੀ।
ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਸਰਕਾਰ ਨੇ ਅਜਿਹੇ 63,702 ਖਪਤਕਾਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਸਬਸਿਡੀ ਨਹੀਂ ਮਿਲੀ। ਹੁਣ ਇਨ੍ਹਾਂ ਸਾਰੇ ਖਪਤਕਾਰਾਂ ਨੂੰ ਨਵੇਂ ਸਿਰੇ ਤੋਂ ਬਿੱਲ ਜਾਰੀ ਕੀਤੇ ਜਾਣਗੇ। ਇਹ ਪ੍ਰਕਿਰਿਆ ਅਗਲੇ ਤਿੰਨ ਕੰਮਕਾਜੀ ਦਿਨਾਂ ਵਿੱਚ ਪੂਰੀ ਕਰ ਲਈ ਜਾਵੇਗੀ।
ਬਿਜਲੀ ਮੰਤਰੀ ਨੇ ਦੱਸਿਆ ਕਿ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਮਈ, ਜੂਨ ਅਤੇ ਜੁਲਾਈ ਮਹੀਨਿਆਂ ਵਿੱਚ ਔਸਤ ਬਿੱਲ ਜਾਰੀ ਕੀਤੇ ਗਏ ਸਨ, ਜਿਸ ਕਾਰਨ ਕੁਝ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੀ ਸਬਸਿਡੀ ਨਹੀਂ ਮਿਲ ਸਕੀ।
ਉਨ੍ਹਾਂ ਕਿਹਾ ਕਿ ਹੁਣ ਸਾਰੇ 63,702 ਖਪਤਕਾਰਾਂ ਨੂੰ ਮਈ ਅਤੇ ਜੂਨ ਮਹੀਨੇ ਦੀ ਬਣਦੀ ਸਬਸਿਡੀ ਦਿੱਤੀ ਜਾਵੇਗੀ। ਜੇਕਰ ਜੁਲਾਈ ਮਹੀਨੇ ਵਿੱਚ 300 ਯੂਨਿਟ ਤੋਂ ਵੱਧ ਖਪਤ ਹੋਈ ਹੋਵੇਗੀ ਤਾਂ ਉਸ ਦਾ ਬਿੱਲ ਅਦਾ ਕਰਨਾ ਪਵੇਗਾ। ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਬਿੱਲ ਭਰ ਦਿੱਤਾ ਹੈ, ਉਨ੍ਹਾਂ ਦੀ ਰਕਮ ਅਗਲੇ ਬਿੱਲ ਵਿੱਚ ਐਡਜਸਟ ਕਰ ਦਿੱਤੀ ਜਾਵੇਗੀ।
ਬਿਜਲੀ ਬਿੱਲਾਂ ਲਈ ਹੈਲਪਲਾਈਨ ਸ਼ੁਰੂ ਕਰੇਗੀ ਸਰਕਾਰ
ਮੰਤਰੀ ਨੇ ਕਿਹਾ ਕਿ ਸਾਫਟਵੇਅਰ ਵਿੱਚ ਆਈ ਤਕਨੀਕੀ ਖਾਮੀ ਕਾਰਨ ਕਰੀਬ 2 ਫੀਸਦੀ ਖਪਤਕਾਰਾਂ ਦੇ ਬਿੱਲ ਜ਼ਿਆਦਾ ਆ ਗਏ ਸਨ। ਹੁਣ ਇਸ ਸਮੱਸਿਆ ਨੂੰ ਠੀਕ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਵੱਧ ਬਿੱਲਾਂ ਨਾਲ ਜੁੜੀਆਂ ਸ਼ਿਕਾਇਤਾਂ ਦੇ ਹੱਲ ਲਈ ਵਿਸ਼ੇਸ਼ ਹੈਲਪਲਾਈਨ ਸ਼ੁਰੂ ਕੀਤੀ ਜਾਵੇਗੀ। ਇਸ ਹੈਲਪਲਾਈਨ ‘ਤੇ 20 ਕਰਮਚਾਰੀ ਤਾਇਨਾਤ ਰਹਿਣਗੇ ਅਤੇ ਸ਼ਿਕਾਇਤਾਂ ਦਾ ਨਿਪਟਾਰਾ 15 ਦਿਨਾਂ ਦੇ ਅੰਦਰ ਕੀਤਾ ਜਾਵੇਗਾ।
ਬਿਜਲੀ ਮੰਤਰੀ ਨੇ ਕਿਹਾ ਕਿ 98 ਫੀਸਦੀ ਬਿੱਲ ਸਹੀ ਹਨ ਅਤੇ ਸਿਰਫ਼ ਕੁਝ ਖਪਤਕਾਰ ਹੀ ਤਕਨੀਕੀ ਸਮੱਸਿਆ ਕਾਰਨ ਪ੍ਰਭਾਵਿਤ ਹੋਏ ਹਨ। ਸਰਕਾਰ ਨੇ ਬਿਲਿੰਗ ਸਿਸਟਮ ਦੀਆਂ ਖਾਮੀਆਂ ਨੂੰ ਦੂਰ ਕਰ ਦਿੱਤਾ ਹੈ।
