8 ਲੱਖ ਰੁਪਏ ਦੀ ਰਿਸ਼ਵਤ ਲੈਂਦਾ GST ਅਧਿਕਾਰੀ ਕਾਬੂ, VIDEO ਵਾਇਰਲ
- ਸ਼ਿਕਾਇਤ ਬੰਦ ਕਰਨ ਦੇ ਬਦਲੇ ਮੰਗੀ ਸੀ ਰਕਮ
GST officer arrested for accepting bribe: ਬੈਂਗਲੁਰੂ: ਬੈਂਗਲੁਰੂ ਵਿੱਚ ਲੋਕਾਯੁਕਤ ਦੀ ਟੀਮ ਨੇ ਕੇਂਦਰੀ GST ਦੇ ਇੱਕ ਸੁਪਰਡੈਂਟ ਨੂੰ ਕਥਿਤ ਤੌਰ ’ਤੇ 8 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅਧਿਕਾਰੀ ਦੀ ਪਛਾਣ ਸੈਂਟਰਲ GST ਦੇ ਸਾਊਥ ਡਿਵੀਜ਼ਨ-4, ਸਾਊਥ ਕਮਿਸ਼ਨਰੇਟ ਦੇ ਸੁਪਰਡੈਂਟ ਮੋਹਿਤ ਪ੍ਰਤਾਪ ਸਿੰਘ ਵਜੋਂ ਹੋਈ ਹੈ। ਇਸ ਕਾਰਵਾਈ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਚੈਂਬਰ ਵਿੱਚ ਪੈਸੇ ਲੈਂਦਿਆਂ ਬਣੀ ਵੀਡੀਓ
ਸਾਹਮਣੇ ਆਈ ਵੀਡੀਓ ਵਿੱਚ ਇੱਕ ਵਿਅਕਤੀ ਅਧਿਕਾਰੀ ਨੂੰ ਗੁਲਾਬੀ ਰੰਗ ਦਾ ਬੈਗ ਦਿੰਦਾ ਨਜ਼ਰ ਆ ਰਿਹਾ ਹੈ। ਬੈਗ ਵਿੱਚ 500-500 ਰੁਪਏ ਦੀਆਂ ਨੋਟਾਂ ਦੀਆਂ ਗੱਡੀਆਂ ਦਿਖਾਈ ਦੇ ਰਹੀਆਂ ਹਨ। ਅਧਿਕਾਰੀ ਕਥਿਤ ਤੌਰ ’ਤੇ ਇਨ੍ਹਾਂ ਨੋਟਾਂ ਨੂੰ ਗਿਣਦਾ ਵੀ ਦਿਖਾਈ ਦੇ ਰਿਹਾ ਹੈ। ਇਸੇ ਦੌਰਾਨ ਲੋਕਾਯੁਕਤ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ।
ਪੈਂਡਿੰਗ ਮਾਮਲਾ ਬੰਦ ਕਰਨ ਦੇ ਬਦਲੇ ਮੰਗੀ ਸੀ ਰਿਸ਼ਵਤ
ਲੋਕਾਯੁਕਤ ਮੁਤਾਬਕ ਮੋਹਿਤ ਪ੍ਰਤਾਪ ਸਿੰਘ ਨੇ ਇੱਕ ਵਪਾਰੀ ਸਈਦ ਜ਼ਮੀਰ ਤੋਂ ਸੈਂਟਰਲ GST ਨਾਲ ਸਬੰਧਤ ਪੈਂਡਿੰਗ ਮਾਮਲਾ ਅਤੇ ਉਸ ਦੇ ਖ਼ਿਲਾਫ਼ ਦਰਜ ਕਥਿਤ ਝੂਠੀ ਸ਼ਿਕਾਇਤ ਬੰਦ ਕਰਨ ਦੇ ਬਦਲੇ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਇਸ ਮਾਮਲੇ ਵਿੱਚ ਸਲਮਾਨ ਸ਼ੇਖ ਨਾਮਕ ਵਿਅਕਤੀ ਨੂੰ ਕਥਿਤ ਬਿਚੌਲੀਆ ਦੱਸਿਆ ਗਿਆ ਹੈ ਅਤੇ ਉਸ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।
ਕੋਰਮੰਗਲਾ ਦੇ ਸਰਕਾਰੀ ਚੈਂਬਰ ਵਿੱਚ ਕਾਰਵਾਈ
ਦੱਸਿਆ ਗਿਆ ਹੈ ਕਿ ਰਿਸ਼ਵਤ ਦੀ ਰਕਮ ਬੈਂਗਲੁਰੂ ਦੇ ਕੋਰਮੰਗਲਾ ਸਥਿਤ ਕੇਂਦਰੀ ਸਦਨ ਵਿੱਚ ਸੁਪਰਡੈਂਟ ਦੇ ਚੈਂਬਰ ਵਿੱਚ ਦਿੱਤੀ ਜਾ ਰਹੀ ਸੀ। ਲੋਕਾਯੁਕਤ ਦੀ ਟੀਮ ਨੂੰ ਪਹਿਲਾਂ ਹੀ ਇਸ ਬਾਰੇ ਜਾਣਕਾਰੀ ਮਿਲ ਗਈ ਸੀ। ਇਸ ਤੋਂ ਬਾਅਦ ਜਾਲ ਵਿਛਾ ਕੇ ਅਧਿਕਾਰੀ ਨੂੰ ਕਥਿਤ ਤੌਰ ’ਤੇ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਗਿਆ। ਮੋਹਿਤ ਪ੍ਰਤਾਪ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 ਦੀ ਧਾਰਾ 7A ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਲੋਕਾਯੁਕਤ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।
