ਹਰਮਨਪ੍ਰੀਤ ਕੌਰ ਨੇ ਛੱਡੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ, ਕਿਹਾ—‘ਕਪਤਾਨੀ ਖ਼ਤਮ, ਸਫ਼ਰ ਜਾਰੀ’
Harmanpreet Kaur steps down as captain: ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਸਾਰੇ ਫਾਰਮੈਟਾਂ ਤੋਂ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਭਾਵੁਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਇਹ ਫੈਸਲਾ ਉਨ੍ਹਾਂ ਲਈ ਆਸਾਨ ਨਹੀਂ ਸੀ, ਪਰ ਹੁਣ ਉਹ ਮੁੜ ਸਿਰਫ਼ ਖੇਡ ਲਈ ਮੈਦਾਨ ’ਚ ਉਤਰਨਾ ਚਾਹੁੰਦੀ ਹੈ। ਹਰਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਮਹਿਲਾ ਕ੍ਰਿਕਟ ਅਤੇ ਟੀਮ ਲਈ ਆਪਣਾ ਪੂਰਾ ਸਮਰਪਣ ਦਿੱਤਾ। ਕਈ ਵਾਰ ਟੀਮ ਨੂੰ ਪਹਿਲ ਦੇਣ ਲਈ ਉਨ੍ਹਾਂ ਨੂੰ ਆਪਣੀ ਨਿੱਜੀ ਖੇਡ, ਵਿਕਾਸ ਅਤੇ ਨਿੱਜੀ ਇੱਛਾਵਾਂ ਨੂੰ ਪਿੱਛੇ ਰੱਖਣਾ ਪਿਆ।
ਉਨ੍ਹਾਂ ਕਿਹਾ ਕਿ ਕਪਤਾਨ ਵਜੋਂ ਕਈ ਮੁਸ਼ਕਲ ਫੈਸਲੇ ਲੈਣੇ ਪਏ, ਜੋ ਹਰ ਵਾਰ ਸਮਝੇ ਨਹੀਂ ਗਏ ਅਤੇ ਕਈ ਵਾਰ ਨਿੱਜੀ ਤੌਰ ’ਤੇ ਵੀ ਕੀਮਤ ਚੁਕਾਉਣੀ ਪਈ। ਪਰ ਹਰ ਫੈਸਲੇ ਦਾ ਮਕਸਦ ਟੀਮ ਨੂੰ ਬਿਹਤਰ ਬਣਾਉਣਾ ਅਤੇ ਹੋਰ ਖਿਡਾਰਨਾਂ ਨੂੰ ਅੱਗੇ ਵਧਣ, ਆਪਣੇ ਆਪ ’ਤੇ ਭਰੋਸਾ ਕਰਨ ਅਤੇ ਬਿਹਤਰ ਪ੍ਰਦਰਸ਼ਨ ਕਰਨ ਦਾ ਮੌਕਾ ਦੇਣਾ ਸੀ। ਹਰਮਨਪ੍ਰੀਤ ਨੇ ਆਪਣੀ ਪੋਸਟ ਵਿੱਚ ਟੀਮ ਦੇ ਉਤਰਾਅ-ਚੜ੍ਹਾਅ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਾਰ, ਨਿਰਾਸ਼ਾ, ਆਲੋਚਨਾ ਅਤੇ ਮੁਸ਼ਕਲ ਦੌਰ ਵੀ ਦੇਖੇ ਹਨ, ਪਰ ਇਸ ਦੇ ਨਾਲ ਹੀ ਜਿੱਤਾਂ, ਜਸ਼ਨ ਅਤੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮਾਣ ਵੀ ਮਹਿਸੂਸ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਹ ਕਪਤਾਨੀ “ਦਿਲ ਭਰ ਕੇ ਭਾਵਨਾਵਾਂ, ਪਰ ਮਨ ਵਿੱਚ ਸ਼ਾਂਤੀ” ਨਾਲ ਛੱਡ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਭਾਰਤੀ ਮਹਿਲਾ ਟੀਮ ਇਸ ਸਮੇਂ ਚੰਗੀ ਸਥਿਤੀ ਵਿੱਚ ਹੈ ਅਤੇ ਇਸ ਵਿੱਚ ਪ੍ਰਤਿਭਾ, ਕਿਰਦਾਰ, ਵਿਸ਼ਵਾਸ ਅਤੇ ਚੰਗਾ ਭਵਿੱਖ ਮੌਜੂਦ ਹੈ। ਹਰਮਨਪ੍ਰੀਤ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਡਿਊਟੀ ਪੂਰੀ ਕੀਤੀ ਹੈ। ਮੈਂ ਟੀਮ ਨੂੰ ਆਪਣਾ ਸਭ ਕੁਝ ਦਿੱਤਾ।” ਉਨ੍ਹਾਂ ਨੇ ਸਾਥੀ ਖਿਡਾਰਨਾਂ, ਕੋਚਿੰਗ ਸਟਾਫ਼, ਸਹਾਇਕ ਸਟਾਫ਼, ਪ੍ਰਬੰਧਨ, BCCI, ਪਰਿਵਾਰ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਅੰਤ ਵਿੱਚ ਕਿਹਾ ਕਿ ਕਪਤਾਨੀ ਅੱਜ ਖ਼ਤਮ ਹੋ ਰਹੀ ਹੈ, ਪਰ ਭਾਰਤੀ ਕ੍ਰਿਕਟ ਲਈ ਉਨ੍ਹਾਂ ਦਾ ਪਿਆਰ ਕਦੇ ਖ਼ਤਮ ਨਹੀਂ ਹੋਵੇਗਾ। ਹੁਣ ਉਹ ਮੁੜ “ਖੇਡ ਦੇ ਪਿਆਰ ਲਈ ਖੇਡਣ” ਲਈ ਤਿਆਰ ਹਨ। “ਕਪਤਾਨੀ ਖ਼ਤਮ ਪਰ ਸਫ਼ਰ ਜਾਰੀ।”
