ਸੁਖਦੇਵ ਸਿੰਘ ਢੀਂਡਸਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਹਰਸਿਮਰਤ ਕੌਰ ਬਾਦਲ
Harsimrat Kaur Badal; ਸ਼੍ਰੋਮਣੀ ਅਕਾਲੀ ਦਲ ਨੇਤਾ ਹਰਸਿਮਰਤ ਕੌਰ ਬਾਦਲ ਢੀਂਡਸਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ। ਹਰਸਿਮਰਤ ਕੌਰ ਬਾਦਲ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਮੈਨੂੰ ਆਪਣੇ ਬੱਚਿਆਂ ਵਾਂਗ ਸਮਝਦੇ ਸਨ। ਅਤੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਜਾਣ ਨਾਲ ਸਾਨੂੰ ਬਹੁਤ ਵੱਡਾ ਘਾਟਾ ਪਿਆ ਹੈ । ਉਹਨਾਂ ਦੱਸਿਆ ਕਿ ਅਕਸਰ ਜਦੋਂ ਮੈਂ ਸੰਸਦ ਦੇ ਵਿੱਚ ਕੋਈ ਮੁੱਦਾ ਚੁੱਕਣ ਲਈ ਗੱਲ ਕਰਨੀ ਹੁੰਦੀ ਸੀ ਤਾਂ ਸੁਖਦੇਵ ਸਿੰਘ ਢੀਂਡਸਾ ਨਾਲ ਜਰੂਰ ਸਲਾਹ ਕਰਦੀ ਸੀ।
ਤੇ ਉਹ ਵੀ ਮੈਨੂੰ ਆਪਣੇ ਬੱਚਿਆਂ ਵਾਂਗ ਸਮਝਾਉਂਦੇ ਸਨ। ਇਸੇ ਤਰ੍ਹਾਂ ਮੈਨੂੰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸੀ। ਇਸ ਪਰਿਵਾਰ ਨਾਲ ਸਾਡਾ ਪਰਿਵਾਰਿਕ ਰਿਸ਼ਤਾ ਹੈ ਅਤੇ ਸੁਖਦੇਵ ਸਿੰਘ ਢੀਡਸਾ ਇੱਕ ਉਹ ਨੇਤਾ ਸਨ ਜੋ ਜਿਸ ਪਾਰਟੀ ਵਿੱਚ ਸਨ ਉਸੇ ਪਾਰਟੀ ਵਿੱਚ ਆਖਰੀ ਸਾਹ ਲਏ। ਬਲਕਿ ਉਹ ਅੱਜ ਕੱਲ ਦੇ ਨੇਤਾਵਾਂ ਵਾਂਗੂੰ ਦਲ ਬਦਲੂ ਨਹੀਂ ਸਨ।
ਦੱਸ ਦਈਏ ਕਿ 28 ਮਈ ਨੂੰ ਪੰਜਾਬ ਦੀ ਸਿਆਸਤ ‘ਵ ਵੱਡਾ ਨਾਮ ਰੱਖਣ ਵਾਲੇ ਉੱਘੇ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਦਾ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਉਭਾਵਾਲ ਵਿਖੇ ਨਮ ਅੱਖਾਂ ਨਾਲ ਸਸਕਾਰ ਕੀਤਾ ਗਿਆ। ਦੱਸ ਦਈਏ ਕਿ ਉਨ੍ਹਾਂ ਦੇ ਦੇਹਾਂਤ ਨਾਲ ਢੀਂਡਸਾ ਪਰਿਵਾਰ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਵੱਡਾ ਝਟਕਾ ਲੱਗਿਆ ਹੈ। ਦਰਅਸਲ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਟਕਸਾਲੀ ਆਗੂ ਪੰਜਾਬ ਦੀ ਰਾਜਨੀਤੀ ਦੇ ਆਗੂ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਦਾ 89 ਸਾਲ ਦੀ ਉਮਰ ਵਿੱਚ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਿਹਾਂਤ ਹੋਇਆ ਸੀ।
ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਪਿੰਡ ਅਤੇ ਰਿਸ਼ਤੇਦਾਰਾਂ ਸਣੇ ਸਿਆਸਤ ਵਿੱਚ ਵੱਡਾ ਨਾਮ ਰੱਖਣ ਵਾਲੇ ਆਗੂ ਵੀ ਪਹੁੰਚੇ। ਜਿਨ੍ਹਾਂ ਨੇ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਉਭਾਵਾਲ ਵਿਖੇ ਉਨ੍ਹਾਂ ਦੀ ਹੀ ਜ਼ਮੀਨ ‘ਤੇ ਰੱਖੀ ਗਈ ਅਤੇ ਸੁਖਦੇਵ ਸਿੰਘ ਢੀਂਡਸਾ ਦਾ ਸਸਕਾਰ ਕੀਤਾ ਗਿਆ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਦੀ ਆਤਮਾਂ ਦੀ ਸ਼ਾਤੀ ਲਈ ਵੀ ਅਰਦਾਸ ਕੀਤੀ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਜਵਾਨਾਂ ਨੇ ਵੀ ਸੁਖਦੇਵ ਸਿੰਘ ਢੀਂਡਸਾ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ।