Haryana CM ਦਾ ਵੱਡਾ ਫੈਸਲਾ: ਕਾਫ਼ਲੇ ਦੀਆਂ ਗੱਡੀਆਂ ਕੀਤੀਆਂ ਅੱਧੀਆਂ, ਅਧਿਕਾਰੀਆਂ ਨੂੰ ਕੀਤੀ ਸਖ਼ਤ ਹਦਾਇਤ
Haryana CM: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਸੱਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਵੱਡਾ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਆਪਣੇ ਕਾਫ਼ਲੇ ਵਿੱਚ ਸ਼ਾਮਲ ਗੱਡੀਆਂ ਦੀ ਗਿਣਤੀ ਘਟਾ ਕੇ ਅੱਧੀ ਕਰ ਦਿੱਤੀ ਹੈ। ਹੁਣ ਮੁੱਖ ਮੰਤਰੀ ਦੀ ਸੁਰੱਖਿਆ ਅਤੇ ਹੇਠਲੇ ਅਮਲੇ ਵਿੱਚ ਸਿਰਫ਼ ਉਹੀ ਵਾਹਨ ਸ਼ਾਮਲ ਰਹਿਣਗੇ, ਜਿਨ੍ਹਾਂ ਦੀ ਸੁਰੱਖਿਆ ਪੱਖੋਂ ਸਖ਼ਤ ਜ਼ਰੂਰਤ ਹੈ।
ਮੁੱਖ ਮੰਤਰੀ ਨੇ ਵਾਤਾਵਰਣ ਦੀ ਸੰਭਾਲ ਅਤੇ ਬਾਲਣ ਦੀ ਬੱਚਤ ਦਾ ਸੁਨੇਹਾ ਦਿੰਦਿਆਂ ਐਲਾਨ ਕੀਤਾ ਕਿ ਉਹ ਹਫ਼ਤੇ ਵਿੱਚ ਇੱਕ ਦਿਨ ਬਿਨਾਂ ਕਿਸੇ ਸਰਕਾਰੀ ਵਾਹਨ ਦੇ ਆਪਣਾ ਕੰਮਕਾਜ ਨਿਪਟਾਉਣਗੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਨਤਕ ਸੇਵਾ ਵਿੱਚ ਲੱਗੇ ਲੋਕਾਂ ਨੂੰ ਖ਼ੁਦ ਮਿਸਾਲ ਬਣਨਾ ਚਾਹੀਦਾ ਹੈ।
ਅਧਿਕਾਰੀਆਂ ਨੂੰ ਹਦਾਇਤਾਂ
ਮੁੱਖ ਮੰਤਰੀ ਨੇ ਰਾਜ ਦੇ ਸਮੂਹ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਨੂੰ ਸਖ਼ਤ ਲਹਿਜ਼ੇ ਵਿੱਚ ਕਿਹਾ ਹੈ ਕਿ ਦੌਰਿਆਂ ਦੌਰਾਨ ਗੱਡੀਆਂ ਦੇ ਲੰਮੇ-ਚੌੜੇ ਕਾਫ਼ਲਿਆਂ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਸਰਕਾਰੀ ਯਾਤਰਾਵਾਂ ਦੌਰਾਨ ਵਾਹਨਾਂ ਦੀ ਗਿਣਤੀ ਘੱਟ ਤੋਂ ਘੱਟ ਰੱਖੀ ਜਾਵੇ ਤਾਂ ਜੋ ਜਨਤਕ ਪੈਸੇ ਅਤੇ ਊਰਜਾ ਦੀ ਬੱਚਤ ਹੋ ਸਕੇ।
ਜਨਤਕ ਪਰਿਵਾਰ ਨੂੰ ਤਰਜੀਹ
ਸੈਣੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਜਨਤਕ ਟ੍ਰਾਂਸਪੋਰਟ (ਬੱਸਾਂ, ਰੇਲ ਗੱਡੀਆਂ) ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਤੇਲ ਬਚਾਉਣ ਦੀ ਇਹ ਮੁਹਿੰਮ ਸਿਰਫ਼ ਸਰਕਾਰ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਹਰ ਨਾਗਰਿਕ ਨੂੰ ਇਸ ਵਿੱਚ ਸਹਿਭਾਗੀ ਬਣਨਾ ਚਾਹੀਦਾ ਹੈ।