ਹਰਿਆਣਾ ਦੇ ਕਿਸਾਨਾਂ ਵੱਲੋਂ ਦੁੱਧ ਦੀ ਸਪਲਾਈ ਬੰਦ ਕਰਨ ਦਾ ਐਲਾਨ
- ਕਿਸਾਨਾਂ ਨੇ ਰੱਖੀ ਕੀਮਤ ਵਧਾਉਣ ਦੀ ਮੰਗ
Haryana farmers announce halt to milk supply: ਚੰਡੀਗੜ੍ਹ: ਹਰਿਆਣਾ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਦੁੱਧ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਦੁੱਧ ਦੀਆਂ ਕੀਮਤਾਂ ਵਧਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੇ ਸਰਕਾਰ ’ਤੇ ਦਬਾਅ ਬਣਾਉਣ ਲਈ ਅੰਦੋਲਨ ਦਾ ਐਲਾਨ ਕੀਤਾ ਹੈ।
ਸਿਰਸਾ ਵਿੱਚ ਹੋਈ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ 1 ਤੋਂ 3 ਅਕਤੂਬਰ ਤੱਕ ਹਰਿਆਣਾ ਵਿੱਚ ਦੁੱਧ ਦੀ ਸਪਲਾਈ ਬੰਦ ਰੱਖੀ ਜਾਵੇਗੀ। ਇਸ ਦੌਰਾਨ ਪੰਜਾਬ ਅਤੇ ਰਾਜਸਥਾਨ ਵੱਲ ਜਾਣ ਵਾਲੀ ਦੁੱਧ ਦੀ ਸਪਲਾਈ ਰੋਕਣ ਦੀ ਵੀ ਗੱਲ ਕਹੀ ਗਈ ਹੈ।
ਮੀਟਿੰਗ ਵਿੱਚ ਦੁੱਧ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੇ ਵੀ ਅੰਦੋਲਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਪ੍ਰਦਰਸ਼ਨਕਾਰੀਆਂ ਵੱਲੋਂ ਕਿਹਾ ਗਿਆ ਕਿ ਦੁੱਧ ਦੀਆਂ ਕੀਮਤਾਂ ਵਧਾਉਣ ਸਬੰਧੀ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ’ਤੇ ਵਿਚਾਰ ਕੀਤਾ ਜਾਵੇ।
ਦੁੱਧ ਵੇਚਣ ’ਤੇ 51 ਹਜ਼ਾਰ ਰੁਪਏ ਜੁਰਮਾਨੇ ਦੀ ਗੱਲ
ਅੰਦੋਲਨ ਦੌਰਾਨ ਦੁੱਧ ਵੇਚਦੇ ਫੜੇ ਜਾਣ ਵਾਲੇ ਵਿਅਕਤੀ ’ਤੇ 51 ਹਜ਼ਾਰ ਰੁਪਏ ਜੁਰਮਾਨਾ ਲਗਾਉਣ ਦਾ ਫੈਸਲਾ ਲਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਦੁੱਧ ਢੋਣ ਵਾਲੇ ਵਾਹਨਾਂ ਨੂੰ ਜ਼ਬਤ ਕਰਨ ਦੀ ਵੀ ਗੱਲ ਕਹੀ ਗਈ ਹੈ।
ਫੜਿਆ ਗਿਆ ਦੁੱਧ ਗਰੀਬ ਬਸਤੀਆਂ ਵਿੱਚ ਵੰਡਣ ਦਾ ਵੀ ਫੈਸਲਾ ਮੀਟਿੰਗ ਵਿੱਚ ਲਿਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਇਸ ਐਲਾਨ ਦਾ ਹਰਿਆਣਾ ਵਿੱਚ ਦੁੱਧ ਦੀ ਸਪਲਾਈ ’ਤੇ ਕੀ ਅਸਰ ਪੈਂਦਾ ਹੈ।
