ਰੱਖੜੀ ਮੌਕੇ ਹਰਿਆਣਾ ਸਰਕਾਰ ਨੇ ਮਹਿਲਾਵਾਂ ਅਤੇ ਬੱਚਿਆਂ ਨੂੰ ਦਿੱਤਾ ਤੋਹਫ਼ਾ
Haryana govt gifts to women and children: ਚੰਡੀਗੜ੍ਹ: ਰੱਖੜੀ ਦੇ ਤਿਉਹਾਰ ਮੌਕੇ ਹਰਿਆਣਾ ਸਰਕਾਰ ਨੇ ਸੂਬੇ ਦੀਆਂ ਮਹਿਲਾਵਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। 28 ਅਗਸਤ 2026 ਨੂੰ ਰੱਖੜੀ ਦੇ ਮੌਕੇ ‘ਤੇ ਮਹਿਲਾਵਾਂ ਅਤੇ ਉਨ੍ਹਾਂ ਨਾਲ ਯਾਤਰਾ ਕਰਨ ਵਾਲੇ 15 ਸਾਲ ਤੱਕ ਦੇ ਬੱਚਿਆਂ ਲਈ ਸਰਕਾਰੀ ਬੱਸਾਂ ਵਿੱਚ ਯਾਤਰਾ ਮੁਫ਼ਤ ਰਹੇਗੀ। ਰਾਜ ਟਰਾਂਸਪੋਰਟ ਡਾਇਰੈਕਟਰ ਦਫ਼ਤਰ ਵੱਲੋਂ ਇਸ ਸਬੰਧੀ ਸੂਬੇ ਦੇ ਸਾਰੇ ਜੀਐੱਮਜ਼ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਹੁਕਮਾਂ ਅਨੁਸਾਰ ਇਹ ਸਹੂਲਤ 27 ਅਗਸਤ 2026 ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਕੇ 28 ਅਗਸਤ ਦੀ ਅੱਧੀ ਰਾਤ 12 ਵਜੇ ਤੱਕ, ਯਾਨੀ ਕੁੱਲ 36 ਘੰਟਿਆਂ ਲਈ ਲਾਗੂ ਰਹੇਗੀ। ਇਸ ਦੌਰਾਨ ਹਰਿਆਣਾ ਦੀਆਂ ਮਹਿਲਾਵਾਂ ਅਤੇ ਉਨ੍ਹਾਂ ਨਾਲ ਸਫ਼ਰ ਕਰਨ ਵਾਲੇ 15 ਸਾਲ ਤੱਕ ਦੇ ਬੱਚਿਆਂ ਤੋਂ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ।
ਚੰਡੀਗੜ੍ਹ ਅਤੇ ਦਿੱਲੀ ਤੱਕ ਵੀ ਮਿਲੇਗੀ ਸਹੂਲਤ
ਮੁਫ਼ਤ ਯਾਤਰਾ ਦੀ ਇਹ ਸਹੂਲਤ ਹਰਿਆਣਾ ਦੇ ਅੰਦਰ ਚੱਲਣ ਵਾਲੀਆਂ ਬੱਸਾਂ ਦੇ ਨਾਲ-ਨਾਲ ਚੰਡੀਗੜ੍ਹ ਅਤੇ ਦਿੱਲੀ ਤੱਕ ਆਉਣ-ਜਾਣ ਵਾਲੀਆਂ ਸਧਾਰਨ ਬੱਸਾਂ ਵਿੱਚ ਵੀ ਲਾਗੂ ਹੋਵੇਗੀ।
ਤਿਉਹਾਰੀ ਭੀੜ ਲਈ ਵਾਧੂ ਬੱਸਾਂ ਚਲਾਉਣ ਦੇ ਨਿਰਦੇਸ਼
ਰੱਖੜੀ ਮੌਕੇ ਯਾਤਰੀਆਂ ਦੀ ਵਧਣ ਵਾਲੀ ਗਿਣਤੀ ਨੂੰ ਦੇਖਦੇ ਹੋਏ ਟਰਾਂਸਪੋਰਟ ਵਿਭਾਗ ਨੇ ਸਾਰੇ ਡਿਪੂਆਂ ਦੇ ਮਹਾਪ੍ਰਬੰਧਕਾਂ ਨੂੰ ਲੋੜ ਅਨੁਸਾਰ ਵਾਧੂ ਬੱਸਾਂ ਚਲਾਉਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਇਸ ਦੇ ਨਾਲ ਹੀ ਮਹਿਲਾਵਾਂ ਦੀ ਸੁਰੱਖਿਆ ਅਤੇ ਸੁਚਾਰੂ ਆਵਾਜਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਤਾਲਮੇਲ ਨਾਲ ਬੱਸ ਅੱਡਿਆਂ ‘ਤੇ ਪੁਲਿਸ ਬਲ ਵੀ ਤਾਇਨਾਤ ਕੀਤਾ ਜਾਵੇਗਾ।
ਰੋਡਵੇਜ਼ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਲਾਜ਼ਮੀ ਤੌਰ ‘ਤੇ ਵਰਦੀ ਪਹਿਨਣ ਅਤੇ ਯਾਤਰੀਆਂ ਨਾਲ ਸਹਿਯੋਗੀ ਰਵੱਈਆ ਅਪਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਵਿਭਾਗ ਵੱਲੋਂ 31 ਅਗਸਤ 2026 ਤੱਕ ਇਸ ਯੋਜਨਾ ਦਾ ਲਾਭ ਲੈਣ ਵਾਲੀਆਂ ਮਹਿਲਾਵਾਂ ਅਤੇ ਬੱਚਿਆਂ ਦਾ ਅੰਕੜਾ ਇਕੱਠਾ ਕਰਕੇ ਹੈੱਡਕੁਆਰਟਰ ਨੂੰ ਰਿਪੋਰਟ ਭੇਜਣ ਲਈ ਵੀ ਕਿਹਾ ਗਿਆ ਹੈ।
