ਤੇਜ਼ ਰਫ਼ਤਾਰ ਕਾਰ ਦਾ ਕਹਿਰ, ਵਿਅਕਤੀ ਦੀ ਮੌਤ; CCTV ‘ਚ ਕੈਦ ਹੋਇਆ ਭਿਆਨਕ ਹਾਦਸਾ
Amritsar Accident; ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਬੀਤੀ ਰਾਤ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਕਾਰ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਵਿਅਕਤੀ ਉਛਲ ਕੇ ਸੜਕ ਕਿਨਾਰੇ ਟਾਈਲਾਂ ਦੇ ਸ਼ੋਅਰੂਮ ਦੇ ਬਾਹਰ ਪਏ ਪੱਥਰਾਂ ਨਾਲ ਜਾ ਟਕਰਾਇਆ। ਇਸ ਤੋਂ ਬਾਅਦ ਕਾਰ ਚਾਲਕ ਵਾਹਨ ‘ਤੇ ਕਾਬੂ ਨਹੀਂ ਰੱਖ ਸਕਿਆ ਅਤੇ ਕਾਰ ਅੱਗੇ ਖੜ੍ਹੀ ਰੇਹੜੀ ਨੂੰ ਟੱਕਰ ਮਾਰਨ ਤੋਂ ਬਾਅਦ ਇੱਕ ਖੰਭੇ ਨਾਲ ਜਾ ਟਕਰਾਈ।
ਕੁਝ ਸਕਿੰਟਾਂ ਵਿੱਚ ਵਾਪਰਿਆ ਪੂਰਾ ਹਾਦਸਾ
ਹਾਦਸੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਰਾਤ ਸਮੇਂ ਇੱਕ ਕਾਰ ਤੇਜ਼ ਰਫ਼ਤਾਰ ਨਾਲ ਮਜੀਠਾ ਰੋਡ ਤੋਂ ਲੰਘ ਰਹੀ ਸੀ। ਇਸੇ ਦੌਰਾਨ ਚਾਲਕ ਕਾਰ ਤੋਂ ਕੰਟਰੋਲ ਗੁਆ ਬੈਠਾ ਅਤੇ ਸੜਕ ‘ਤੇ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਤੋਂ ਬਾਅਦ ਵਿਅਕਤੀ ਸੜਕ ਕਿਨਾਰੇ ਜਾ ਡਿੱਗਿਆ। ਇਸ ਤੋਂ ਤੁਰੰਤ ਬਾਅਦ ਕਾਰ ਰੇਹੜੀ ਅਤੇ ਖੰਭੇ ਨਾਲ ਟਕਰਾ ਕੇ ਰੁਕ ਗਈ।
ਤਰਨਤਾਰਨ ਦਾ ਰਹਿਣ ਵਾਲਾ ਸੀ ਮ੍ਰਿਤਕ
ਹਾਦਸੇ ਵਿੱਚ ਜਾਨ ਗੁਆਉਣ ਵਾਲੇ ਵਿਅਕਤੀ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਸੀਸੀਟੀਵੀ ਫੁਟੇਜ ਵਿੱਚ ਟੱਕਰ ਤੋਂ ਬਾਅਦ ਕਾਰ ਦੀ ਬੇਕਾਬੂ ਹਾਲਤ ਵੀ ਦਿਖਾਈ ਦੇ ਰਹੀ ਹੈ।
ਥਾਣਾ ਸਦਰ ਦੇ ਇਲਾਕੇ ਵਿੱਚ ਵਾਪਰਿਆ ਹਾਦਸਾ
ਥਾਣਾ ਸਦਰ ਦੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਮਜੀਠਾ ਰੋਡ ‘ਤੇ ਵਾਪਰੇ ਸੜਕ ਹਾਦਸੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਮੌਤ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦੇ ਕਾਰਨਾਂ ਅਤੇ ਕਾਰ ਚਾਲਕ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।