ਚੰਡੀਗੜ੍ਹ ’ਚ ਹੈੱਡ ਕਾਂਸਟੇਬਲ ਦਾ ਕਤਲ ਮਾਮਲਾ: ਪੁੱਤ ਨੇ ਪੁਲਿਸ ਹਿਰਾਸਤ ‘ਚ ਕੀਤੇ ਵੱਡੇ ਖੁਲਾਸੇ
Head Constable murder case in Chandigarh: ਚੰਡੀਗੜ੍ਹ: ਸੈਕਟਰ-22 ਦੇ ਸਰਕਾਰੀ ਕੁਆਰਟਰ ਵਿੱਚ ਸ਼ੁੱਕਰਵਾਰ ਤੜਕੇ ਇੱਕ ਹੈਰਾਨ ਕਰਨ ਵਾਲੀ ਵਾਰਦਾਤ ਸਾਹਮਣੇ ਆਈ। ਪੁਲਿਸ ਮੁਤਾਬਕ 19 ਸਾਲਾ ਅਰਮਾਨ ਨੇ ਆਪਣੇ 42 ਸਾਲਾ ਪਿਤਾ ਹੈੱਡ ਕਾਂਸਟੇਬਲ ਨਿਤਿਨ ਦੀ ਕਥਿਤ ਤੌਰ ’ਤੇ ਦੇਸੀ ਕੱਟੇ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਮਾਂ ASI ਮੋਨਿਕਾ ’ਤੇ ਵੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਕੱਟੇ ਵਿੱਚ ਗੋਲੀ ਫਸ ਗਈ। ਪੁਲਿਸ ਮੁਤਾਬਕ ਉਸ ਨੇ ਮਾਂ ਦਾ ਗਲਾ ਘੁੱਟਣ ਦੀ ਵੀ ਕੋਸ਼ਿਸ਼ ਕੀਤੀ, ਪਰ ਮੋਨਿਕਾ ਨੇ ਉਸ ਨੂੰ ਧੱਕਾ ਦੇ ਕੇ ਛੱਤ ’ਤੇ ਜਾ ਕੇ ਰੌਲਾ ਪਾ ਦਿੱਤਾ।
ਪੁਲਿਸ ਜਾਂਚ ਅਨੁਸਾਰ ਅਰਮਾਨ ਨੇ ਵਾਰਦਾਤ ਦੀ ਪਹਿਲਾਂ ਤੋਂ ਯੋਜਨਾ ਬਣਾਈ ਹੋਈ ਸੀ। ਉਸ ਨੇ ਤੜਕੇ 4 ਵਜੇ ਦਾ ਅਲਾਰਮ ਲਾਇਆ ਸੀ। ਪੁਲਿਸ ਮੁਤਾਬਕ ਪਿਤਾ ਦੇ ਸੌਣ ਤੋਂ ਬਾਅਦ ਉਸ ਨੇ ਉਨ੍ਹਾਂ ਦੇ ਸਿਰ ‘ਚ ਗੋਲੀ ਮਾਰ ਦਿੱਤੀ।
ਮਾਂ ਨੇ ਛੱਤ ’ਤੇ ਭੱਜ ਕੇ ਬਚਾਈ ਜਾਨ
ਪੁਲਿਸ ਮੁਤਾਬਕ ਹਮਲੇ ਤੋਂ ਬਾਅਦ ਮੋਨਿਕਾ ਨੇ ਪੁੱਤਰ ਨੂੰ ਧੱਕਾ ਦਿੱਤਾ ਅਤੇ ਛੱਤ ’ਤੇ ਜਾ ਕੇ ਗੁਆਂਢੀਆਂ ਤੋਂ ਮਦਦ ਮੰਗੀ। ਇਸ ਦੌਰਾਨ ਅਰਮਾਨ ਨੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਅਤੇ ਬਾਥਰੂਮ ਵਿੱਚ ਲੁਕ ਗਿਆ। ਪੁਲਿਸ ਸਵੇਰੇ ਕਰੀਬ 8:50 ਵਜੇ ਮੌਕੇ ’ਤੇ ਪਹੁੰਚੀ ਅਤੇ ਦਰਵਾਜ਼ਾ ਤੋੜ ਕੇ ਉਸ ਨੂੰ ਕਾਬੂ ਕੀਤਾ। ਪੁਲਿਸ ਅਨੁਸਾਰ ਮੁਲਜ਼ਮ ਨੇ ਸ਼ੁਰੂ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਪਿਤਾ ਨੂੰ ਗੋਲੀ ਮਾਰਨ ਦੀ ਕਹਾਣੀ ਦੱਸੀ ਅਤੇ ਆਪਣੇ ਕੱਪੜੇ ਵੀ ਪਾੜ ਲਏ ਸਨ। ਪੁੱਛਗਿੱਛ ਦੌਰਾਨ ਉਸ ਨੇ ਕਥਿਤ ਤੌਰ ’ਤੇ ਜੁਰਮ ਕਬੂਲ ਕਰ ਲਿਆ। ਛੱਤ ਤੋਂ ਦੇਸੀ ਕੱਟਾ ਵੀ ਬਰਾਮਦ ਕੀਤਾ ਗਿਆ ਹੈ।
ਪ੍ਰੇਮਿਕਾ ਨਾਲ ਵਿਆਹ ਅਤੇ 50 ਲੱਖ ਰੁਪਏ ਨੂੰ ਲੈ ਕੇ ਵਿਵਾਦ
ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਅਰਮਾਨ ਆਪਣੀ ਗਰਭਵਤੀ ਪ੍ਰੇਮਿਕਾ ਨਾਲ ਵਿਆਹ ਕਰਨਾ ਚਾਹੁੰਦਾ ਸੀ ਅਤੇ ਕਾਰੋਬਾਰ ਸ਼ੁਰੂ ਕਰਨ ਲਈ ਪਿਤਾ ਤੋਂ 50 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਪਰਿਵਾਰ ਵਿੱਚ ਤਣਾਅ ਰਹਿਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਅਰਮਾਨ ਨਸ਼ਾ ਵੀ ਕਰਦਾ ਹੈ ਅਤੇ ਕੁਝ ਸਮੇਂ ਤੋਂ ਜੀਰਕਪੁਰ ਦੀ ਇੱਕ ਔਰਤ ਨਾਲ ਲਿਵ-ਇਨ ਵਿੱਚ ਰਹਿ ਰਿਹਾ ਸੀ। ਪੁਲਿਸ ਇਨ੍ਹਾਂ ਸਾਰੇ ਪੱਖਾਂ ਦੀ ਜਾਂਚ ਕਰ ਰਹੀ ਹੈ।
ਪਹਿਲਾਂ ਵੀ ਮਾਪਿਆਂ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਦਾ ਦੋਸ਼
ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅਰਮਾਨ ਨੇ ਪਿਛਲੇ ਸਾਲ ਕਥਿਤ ਤੌਰ ’ਤੇ ਖਾਣੇ ਵਿੱਚ ਚੂਹੇ ਮਾਰਨ ਵਾਲੀ ਦਵਾਈ ਮਿਲਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਸਮੇਂ ਉਸ ਦੀ ਮਾਂ ਦੀ ਨਜ਼ਰ ਇਸ ’ਤੇ ਪੈ ਗਈ ਸੀ। ਪਰਿਵਾਰ ਨੇ ਬਦਨਾਮੀ ਦੇ ਡਰ ਕਾਰਨ ਪੁਲਿਸ ਨੂੰ ਸ਼ਿਕਾਇਤ ਨਹੀਂ ਦਿੱਤੀ ਸੀ।
ਫਰਵਰੀ ਵਿੱਚ ਸੜਕ ਹਾਦਸੇ ਦਾ ਮਾਮਲਾ ਵੀ ਦਰਜ
ਅਰਮਾਨ ਇਸ ਸਾਲ 23 ਫਰਵਰੀ ਨੂੰ ਕਲਾਗ੍ਰਾਮ ਲਾਈਟ ਪੁਆਇੰਟ ਨੇੜੇ ਹੋਏ ਸੜਕ ਹਾਦਸੇ ਦੇ ਮਾਮਲੇ ਵਿੱਚ ਵੀ ਗ੍ਰਿਫ਼ਤਾਰ ਹੋ ਚੁੱਕਾ ਹੈ। ਪੁਲਿਸ ਮੁਤਾਬਕ ਥਾਰ ਨਾਲ ਮੋਟਰਸਾਈਕਲ ਨੂੰ ਟੱਕਰ ਮਾਰਨ ਦੀ ਘਟਨਾ ਵਿੱਚ ਸਹਾਰਨਪੁਰ ਵਾਸੀ ਦੋ ਭਰਾਵਾਂ ਗੁਲਸ਼ੇਰ ਅਲੀ ਅਤੇ ਅਬਦੁਲ ਸੁਵ੍ਹਾਨ ਦੀ ਮੌਤ ਹੋ ਗਈ ਸੀ। ਪੁਲਿਸ ਨੇ ਮੌਜੂਦਾ ਮਾਮਲੇ ਵਿੱਚ ਕਤਲ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਅਰਮਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਵਾਰਦਾਤ ਦੇ ਕਾਰਨਾਂ ਅਤੇ ਹਥਿਆਰ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ।
