ਦਿਲ ਦਹਿਲਾ ਦੇਣ ਵਾਲੀ ਵਾਰਦਾਤ! ਪਿਤਾ ਨੇ ਧੀ ਦੀ ਹੱਤਿਆ ਕਰ ਟੋਏ ‘ਚ ਦੱਬਿਆ, ਮਾਂ ਨੇ ਖੋਲ੍ਹੇ ਵੱਡੇ ਰਾਜ
Amritsar father kills daughter; ਅੰਮ੍ਰਿਤਸਰ ਵਿੱਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਿਤਾ ’ਤੇ ਆਪਣੀ 19 ਸਾਲਾ ਧੀ ਦੀ ਹੱਤਿਆ ਕਰਕੇ ਉਸ ਦੀ ਲਾਸ਼ ਘਰ ਨੇੜੇ ਟੋਆ ਪੁੱਟ ਕੇ ਦੱਬਣ ਦਾ ਦੋਸ਼ ਲੱਗਿਆ ਹੈ। ਪੁਲਿਸ ਨੇ ਜੇਸੀਬੀ ਦੀ ਮਦਦ ਨਾਲ ਖੁਦਾਈ ਕਰਵਾਈ ਤਾਂ ਲੜਕੀ ਦੀ ਲਾਸ਼ ਬਰਾਮਦ ਹੋਈ।
ਮ੍ਰਿਤਕ ਲੜਕੀ ਦੀ ਪਛਾਣ ਨਵਨੀਤ ਕੌਰ (19) ਵਜੋਂ ਹੋਈ ਹੈ। ਲੜਕੀ ਦੀ ਮਾਂ ਸਰਬਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਪਿਤਾ ਫਰਾਰ ਦੱਸਿਆ ਜਾ ਰਿਹਾ ਹੈ, ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਧੀ ਨੇ ਮਾਂ ਨੂੰ ਫੋਨ ਕਰਕੇ ਦੱਸੀ ਸੀ ਟੋਆ ਪੁੱਟਣ ਦੀ ਗੱਲ
ਮ੍ਰਿਤਕ ਦੀ ਮਾਂ ਸਰਬਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ 31 ਅਗਸਤ ਨੂੰ ਨਵਨੀਤ ਕੌਰ ਨੇ ਉਸ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਸ ਦਾ ਪਿਤਾ ਘਰ ਦੇ ਬਾਹਰ ਟੋਆ ਪੁੱਟ ਰਿਹਾ ਹੈ। ਇਸ ਤੋਂ ਬਾਅਦ ਧੀ ਨਾਲ ਦੁਬਾਰਾ ਸੰਪਰਕ ਨਹੀਂ ਹੋ ਸਕਿਆ।
ਮਾਂ ਨੇ ਦੱਸਿਆ ਕਿ ਜਦੋਂ ਉਸ ਨੇ ਪਤੀ ਤੋਂ ਧੀ ਬਾਰੇ ਪੁੱਛਿਆ ਤਾਂ ਉਸ ਨੇ ਵੱਖ-ਵੱਖ ਗੱਲਾਂ ਦੱਸੀਆਂ ਅਤੇ ਕਿਹਾ ਕਿ ਉਸ ਨੇ ਨਵਨੀਤ ਨੂੰ ਛੇ ਮਹੀਨਿਆਂ ਲਈ ਕਿਤੇ ਭੇਜ ਦਿੱਤਾ ਹੈ।
ਪਤੀ ਨੂੰ ਧੀ ’ਤੇ ਸੀ ਸ਼ੱਕ
ਸਰਬਜੀਤ ਕੌਰ ਮੁਤਾਬਕ ਪਰਿਵਾਰ ਵਿੱਚ ਪਹਿਲਾਂ ਵੀ ਵਿਵਾਦ ਰਹਿੰਦਾ ਸੀ। ਕਰੀਬ ਅੱਠ ਮਹੀਨੇ ਪਹਿਲਾਂ ਉਨ੍ਹਾਂ ਦੀ ਇੱਕ ਧੀ ਨੇ ਘਰੋਂ ਭੱਜ ਕੇ ਵਿਆਹ ਕਰ ਲਿਆ ਸੀ, ਜਿਸ ਕਾਰਨ ਘਰ ਵਿੱਚ ਅਕਸਰ ਝਗੜਾ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਪਤੀ ਨੂੰ ਦੂਜੀ ਧੀ ਨਵਨੀਤ ’ਤੇ ਵੀ ਕਿਸੇ ਨਾਲ ਰਿਸ਼ਤਾ ਹੋਣ ਦਾ ਸ਼ੱਕ ਸੀ।
ਨਵੀਂ ਮਿੱਟੀ ਦੇਖ ਕੇ ਹੋਇਆ ਸ਼ੱਕ
ਮਾਂ ਨੇ ਦੱਸਿਆ ਕਿ ਜਦੋਂ ਉਸ ਨੇ ਧੀ ਨਾਲ ਗੱਲ ਕਰਵਾਉਣ ਲਈ ਕਿਹਾ ਤਾਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਉਹ ਉਸ ਜਗ੍ਹਾ ਪਹੁੰਚੀ ਜਿੱਥੇ ਧੀ ਨੇ ਟੋਆ ਪੁੱਟਣ ਬਾਰੇ ਦੱਸਿਆ ਸੀ। ਉੱਥੇ ਨਵੀਂ ਮਿੱਟੀ ਦੇਖ ਕੇ ਉਸ ਦਾ ਸ਼ੱਕ ਹੋਰ ਗਹਿਰਾ ਹੋ ਗਿਆ।
ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜੇਸੀਬੀ ਨਾਲ ਖੁਦਾਈ ਕਰਵਾਈ ਗਈ, ਜਿਸ ਦੌਰਾਨ ਨਵਨੀਤ ਕੌਰ ਦੀ ਲਾਸ਼ ਬਰਾਮਦ ਹੋਈ।
ਮੱਤੇਵਾਲ ਥਾਣੇ ਦੇ ਐਸਐਚਓ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਹੱਤਿਆ ਦੇ ਅਸਲ ਕਾਰਨਾਂ ਦਾ ਖੁਲਾਸਾ ਮੁਲਜ਼ਮ ਦੀ ਗ੍ਰਿਫ਼ਤਾਰੀ ਅਤੇ ਜਾਂਚ ਤੋਂ ਬਾਅਦ ਹੋਵੇਗਾ।
