Banner
Banner

ਦਿਲ ਦਹਿਲਾ ਦੇਣ ਵਾਲੀ ਘਟਨਾ, ਨਹਿਰ ‘ਚ ਛਾਲ ਮਾਰ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਭੈਣ ਨੂੰ ਵੀਡੀਓ ਭੇਜ ਦੱਸੀ ਵਜ੍ਹਾ

Gurdaspur batala youth suicide;  ਗੁਰਦਾਸਪੁਰ ਦੇ ਬਟਾਲਾ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਨੌਜਵਾਨ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਮਰਨ ਤੋਂ ਪਹਿਲਾਂ ਨੌਜਵਾਨ ਨੇ ਇੱਕ ਵੀਡੀਓ ਬਣਾਈ, ਜਿਸ ਵਿੱਚ ਉਸ ਨੇ ਇਲਜ਼ਾਮ ਲਾਇਆ ਕਿ ਉਸ ਨੂੰ ਪਹਿਲਾਂ ਪਿਆਰ ਦੇ ਜਾਲ ਵਿੱਚ ਫਸਾਇਆ ਗਿਆ ਅਤੇ ਫਿਰ ਵਿਆਹ […]
Jaspreet Singh
By : Published: 03 Jun 2026 17:47:PM
ਦਿਲ ਦਹਿਲਾ ਦੇਣ ਵਾਲੀ ਘਟਨਾ, ਨਹਿਰ ‘ਚ ਛਾਲ ਮਾਰ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਭੈਣ ਨੂੰ ਵੀਡੀਓ ਭੇਜ ਦੱਸੀ ਵਜ੍ਹਾ

Gurdaspur batala youth suicide;  ਗੁਰਦਾਸਪੁਰ ਦੇ ਬਟਾਲਾ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਨੌਜਵਾਨ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਮਰਨ ਤੋਂ ਪਹਿਲਾਂ ਨੌਜਵਾਨ ਨੇ ਇੱਕ ਵੀਡੀਓ ਬਣਾਈ, ਜਿਸ ਵਿੱਚ ਉਸ ਨੇ ਇਲਜ਼ਾਮ ਲਾਇਆ ਕਿ ਉਸ ਨੂੰ ਪਹਿਲਾਂ ਪਿਆਰ ਦੇ ਜਾਲ ਵਿੱਚ ਫਸਾਇਆ ਗਿਆ ਅਤੇ ਫਿਰ ਵਿਆਹ ਤੋਂ ਬਾਅਦ ਉਸ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਗਈ। ਉਸ ਨੇ ਦੱਸਿਆ ਕਿ ਉਸ ਦੇ ਸਿਰ ਵਿੱਚ ਜੁੱਤੀਆਂ ਮਾਰੀਆਂ ਗਈਆਂ ਅਤੇ ਲੋਕਾਂ ਦੇ ਸਾਹਮਣੇ ਉਸ ਦੀ ਕੁੱਟਮਾਰ ਕੀਤੀ ਗਈ। ਨੌਜਵਾਨ ਅਨੁਸਾਰ, ਉਸ ਦਾ ਸਹੁਰਾ ਪਰਿਵਾਰ ਉਸ ਦੀ ਜਾਇਦਾਦ ਹੜੱਪਣ ਦੀ ਫ਼ਿਰਾਕ ਵਿੱਚ ਸੀ।

ਵੀਡੀਓ ਬਣਾਉਣ ਤੋਂ ਬਾਅਦ ਨੌਜਵਾਨ ਨੇ ਇਹ ਆਪਣੀ ਭੈਣ ਨੂੰ ਵਟਸਐਪ ‘ਤੇ ਭੇਜੀ ਅਤੇ ਫਿਰ ਨਹਿਰ ਵਿੱਚ ਛਾਲ ਮਾਰ ਦਿੱਤੀ। ਜਦੋਂ ਤੱਕ ਪਰਿਵਾਰ ਵੀਡੀਓ ਦੇਖ ਕੇ ਮੌਕੇ ‘ਤੇ ਪਹੁੰਚਿਆ, ਉਦੋਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ 6 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ 5 ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜੋਬਨਪ੍ਰੀਤ ਦੀ ਆਖਰੀ ਵੀਡੀਓ

31 ਮਈ ਨੂੰ ਬਣਾਈ ਵੀਡੀਓ ਵਿੱਚ ਅਲੀਵਾਲ ਰੋਡ, ਬਟਾਲਾ ਦੇ ਰਹਿਣ ਵਾਲੇ ਜੋਬਨਪ੍ਰੀਤ ਨੇ ਕਿਹਾ, “ਮੇਰੀ ਮੌਤ ਦੇ ਜ਼ਿੰਮੇਵਾਰ ਮੇਰੇ ਸਹੁਰੇ ਵਾਲੇ ਹਨ।” ਉਸ ਨੇ ਖ਼ਾਨਦਾਨੀ ਵੇਰਵੇ ਦਿੰਦਿਆਂ ਸਰਦਾਰ ਖ਼ਜ਼ਾਨ ਸਿੰਘ ਦੀ ਪੋਤੀ (ਪਤਨੀ), ਖ਼ਜ਼ਾਨ ਸਿੰਘ (ਸਹੁਰਾ), ਸਵੀਟੀ (ਲੜਕੀ ਦੀ ਭੂਆ), ਖੁਸ਼ਦੀਪ ਕੌਰ ਖੁਸ਼ੀ, ਜਗਤਾਰ ਸਿੰਘ ਅਤੇ ਵਿਕਾਸ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ।

ਜੋਬਨਪ੍ਰੀਤ ਨੇ ਵੀਡੀਓ ‘ਚ ਦੱਸਿਆ ਕਿ ਇਹ ਸਭ ਉਸ ਦੇ ਘਰ ਦੀ ਪ੍ਰਾਪਰਟੀ ਹੜੱਪਣ ਦੀ ਸਾਜ਼ਿਸ਼ ਸੀ। ਉਸ ਨੇ ਕਿਹਾ, “ਇਨ੍ਹਾਂ ਨੇ ਪਹਿਲਾਂ ਬੜੀ ਸ਼ਾਨੋ-ਸ਼ੌਕਤ ਨਾਲ ਵਿਆਹ ਕਰਵਾਇਆ। ਇਨ੍ਹਾਂ ਦੀ ਕੁੜੀ ਸਿਮਰਨਜੀਤ ਕੌਰ ਨੇ ਮੈਨੂੰ ਪਿਆਰ ਵਿੱਚ ਫਸਾਇਆ ਅਤੇ ਵਿਆਹ ਕਰ ਲਿਆ। ਪਰ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਉਹ ਮੈਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਈ। ਉਹ ਮੇਰੇ ਪਿਤਾ ‘ਤੇ ਹੱਥ ਚੁੱਕਣ ਲੱਗੀ ਅਤੇ ਮੇਰੇ ਸਿਰ ਵਿੱਚ ਜੁੱਤੀਆਂ ਮਾਰੀਆਂ।”

“ਮੈਂ ਆਪਣੀ ਜ਼ਿੰਦਗੀ ਤੋਂ ਤੰਗ ਆ ਚੁੱਕਾ ਹਾਂ”

ਨੌਜਵਾਨ ਨੇ ਬੇਹੱਦ ਭਾਵੁਕ ਹੁੰਦਿਆਂ ਕਿਹਾ ਕਿ ਉਹ ਬਹੁਤ ਦੁਖੀ ਹੈ ਅਤੇ ਉਸ ਕੋਲ ਨਹਿਰ ਵਿੱਚ ਛਾਲ ਮਾਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ। ਉਸ ਨੇ ਸਪੱਸ਼ਟ ਕੀਤਾ ਕਿ ਇਸ ਵਿੱਚ ਉਸ ਦੀ ਭੈਣ ਡਾਕਟਰ ਗੁਰਲੀਨ, ਉਸ ਦੇ ਪਿਤਾ ਸਰਦਾਰ ਹਰਪਿੰਦਰ ਸਿੰਘ ਜਾਂ ਜੀਜੇ ਦਾ ਕੋਈ ਕਸੂਰ ਨਹੀਂ ਹੈ। ਉਸ ਨੇ ਮੰਗ ਕੀਤੀ ਕਿ ਉਸ ਦੀ ਪਤਨੀ ਅਤੇ ਸਹੁਰੇ ਪਰਿਵਾਰ ਨੂੰ ਜੇਲ੍ਹ ਭੇਜਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਪਤਾ ਲੱਗੇ ਕਿ ਕਿਸੇ ਦੇ ਬੱਚੇ ਨੂੰ ਪਿਆਰ ਦੇ ਲਾਲਚ ਵਿੱਚ ਫਸਾ ਕੇ ਜਾਨ ਲੈਣਾ ਕੀ ਹੁੰਦਾ ਹੈ। ਉਸ ਨੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ।

ਪਿਤਾ ਦਾ ਦਰਦ

ਜੋਬਨਪ੍ਰੀਤ ਦੇ ਪਿਤਾ ਹਰਪਿੰਦਰ ਸਿੰਘ ਨੇ ਰੋਂਦਿਆਂ ਦੱਸਿਆ ਕਿ ਜੋਬਨ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਪਿਤਾ ਖੁਦ ਦਿਲ ਦੇ ਮਰੀਜ਼ ਹਨ, ਜਿਸ ਕਾਰਨ ਜੋਬਨਪ੍ਰੀਤ ਆਪਣੀ ਤਕਲੀਫ਼ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਹੀਂ ਦੱਸਦਾ ਸੀ ਤਾਂ ਜੋ ਉਨ੍ਹਾਂ ਦੀ ਸਿਹਤ ‘ਤੇ ਕੋਈ ਮਾੜਾ ਅਸਰ ਨਾ ਪਵੇ। ਪਿਤਾ ਨੇ ਦੋਸ਼ ਲਾਇਆ ਕਿ ਸਹੁਰੇ ਵਾਲਿਆਂ ਨੇ ਜੋਬਨ ਨੂੰ ਘਰੋਂ ਕੱਢ ਕੇ ਲੋਕਾਂ ਸਾਹਮਣੇ ਬੇਰਹਿਮੀ ਨਾਲ ਕੁੱਟਿਆ ਸੀ, ਜਿਸ ਕਾਰਨ ਇੱਕ ਵਾਰ ਉਸ ਦਾ ਮੋਢਾ ਵੀ ਉਤਰ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਵੀ ਜੋਬਨਪ੍ਰੀਤ ਖਾਣਾ ਖਾਣ ਬੈਠਦਾ ਸੀ ਤਾਂ ਉਸ ਦੀ ਪਤਨੀ ਅਤੇ ਸਹੁਰੇ ਵਾਲੇ ਲੜਾਈ ਸ਼ੁਰੂ ਕਰ ਦਿੰਦੇ ਸਨ, ਜਿਸ ਕਾਰਨ ਉਹ ਕਈ ਵਾਰ ਭੁੱਖਾ ਹੀ ਸੌਂ ਜਾਂਦਾ ਸੀ। ਨੂੰਹ ਨੇ ਕਦੇ ਉਨ੍ਹਾਂ ਨੂੰ ਚਾਹ-ਪਾਣੀ ਤੱਕ ਨਹੀਂ ਪੁੱਛਿਆ।

ਪੁਲਿਸ ਦੀ ਕਾਰਵਾਈ

ਬਟਾਲਾ ਥਾਣੇ ਦੇ ਏ.ਐਸ.ਆਈ. ਨਰੇਸ਼ ਕੁਮਾਰ ਨੇ ਦੱਸਿਆ ਕਿ ਹਰਪਿੰਦਰ ਸਿੰਘ ਦੀ ਸ਼ਿਕਾਇਤ ‘ਤੇ ਪਤਨੀ ਸਿਮਰਨਜੀਤ ਕੌਰ, ਸਵੀਟੀ (ਅਮਰਦੀਪ ਕੌਰ), ਮਨਦੀਪ ਕੌਰ, ਜਗਤਾਰ ਸਿੰਘ, ਖ਼ਜ਼ਾਨ ਸਿੰਘ ਅਤੇ ਵਿਕਾਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਪਤਨੀ ਸਿਮਰਨਜੀਤ ਕੌਰ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਛੇਵਾਂ ਮੁਲਜ਼ਮ ਵਿਕਾਸ ਫ਼ਿਲਹਾਲ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੀੜਤ ਪਿਤਾ ਨੇ ਪ੍ਰਸ਼ਾਸਨ ਤੋਂ ਇਨਸਾਫ਼ ਅਤੇ ਮੁਲਜ਼ਮਾਂ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ।

Read Latest News and Breaking News at Daily Post TV, Browse for more News

Ad
Ad