ਆਜ਼ਾਦੀ ਦਿਵਸ ਮੌਕੇ 16 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
Heavy rain alert in 16 states: ਨਵੀਂ ਦਿੱਲੀ: ਆਜ਼ਾਦੀ ਦਿਵਸ ਮੌਕੇ ਦੇਸ਼ ਦੇ ਕਈ ਹਿੱਸਿਆਂ ਵਿੱਚ ਮਾਨਸੂਨ ਸਰਗਰਮ ਰਹਿਣ ਵਾਲਾ ਹੈ। ਮੌਸਮ ਵਿਭਾਗ ਨੇ ਦੇਸ਼ ਦੇ 16 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਕੁਝ ਇਲਾਕਿਆਂ ਵਿੱਚ 40 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।
ਪੰਜਾਬ ’ਚ 19 ਅਗਸਤ ਤੱਕ ਮੀਂਹ
ਪੰਜਾਬ ਵਿੱਚ ਵੀ ਮੀਂਹ ਦਾ ਦੌਰ ਜਾਰੀ ਰਹੇਗਾ। ਮੌਸਮ ਵਿਭਾਗ ਮੁਤਾਬਕ 15 ਅਗਸਤ ਨੂੰ ਸੂਬੇ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ, ਜਦਕਿ ਕੁਝ ਥਾਵਾਂ ’ਤੇ ਭਾਰੀ ਮੀਂਹ ਦੀ ਸੰਭਾਵਨਾ ਹੈ। 17 ਅਗਸਤ ਨੂੰ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। IMD ਮੁਤਾਬਕ ਪੰਜਾਬ ਵਿੱਚ 19 ਅਗਸਤ ਤੱਕ ਮੀਂਹ ਦੀ ਗਤੀਵਿਧੀ ਜਾਰੀ ਰਹਿਣ ਦੀ ਸੰਭਾਵਨਾ ਹੈ।
ਹਿਮਾਚਲ ’ਚ ਭਾਰੀ ਮੀਂਹ ਦਾ ਅਲਰਟ
ਹਿਮਾਚਲ ਪ੍ਰਦੇਸ਼ ਵਿੱਚ ਵੀ ਅਗਲੇ ਕਈ ਦਿਨ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਚੰਬਾ, ਹਮੀਰਪੁਰ, ਕਾਂਗੜਾ, ਕਿਨੌਰ, ਕੁੱਲੂ, ਲਾਹੌਲ-ਸਪੀਤੀ, ਮੰਡੀ, ਸ਼ਿਮਲਾ ਅਤੇ ਸਿਰਮੌਰ ਸਮੇਤ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। 15 ਅਤੇ 16 ਅਗਸਤ ਨੂੰ ਕਈ ਥਾਵਾਂ ’ਤੇ ਤੇਜ਼ ਹਵਾਵਾਂ, ਆੰਧੀ-ਤੂਫ਼ਾਨ ਅਤੇ ਬਿਜਲੀ ਡਿੱਗਣ ਦਾ ਖ਼ਤਰਾ ਵੀ ਦੱਸਿਆ ਗਿਆ ਹੈ। ਮੌਸਮ ਵਿਭਾਗ ਮੁਤਾਬਕ ਹਿਮਾਚਲ ਵਿੱਚ ਅਗਲੇ ਹਫ਼ਤੇ ਦੌਰਾਨ ਵੀ ਮੀਂਹ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ।
ਦਿੱਲੀ-NCR ’ਚ ਸੁਹਾਵਣਾ ਰਹੇਗਾ ਮੌਸਮ
ਦਿੱਲੀ ਅਤੇ NCR ਵਿੱਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਸੁਹਾਵਣਾ ਰਹਿਣ ਦੀ ਸੰਭਾਵਨਾ ਹੈ। 19 ਅਗਸਤ ਤੱਕ ਆਸਮਾਨ ਵਿੱਚ ਬੱਦਲ ਛਾਏ ਰਹਿਣ ਅਤੇ ਲਗਭਗ ਹਰ ਦਿਨ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ।
15 ਅਗਸਤ ਨੂੰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ।
