ਹਨੀ ਸਿੰਘ ਦੇ ਭਤੀਜੇ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ, ਪਿਤਾ ਦਿਨੇਸ਼ ਓਲਕ ਨੇ ਚਿਖਾ ਨੂੰ ਦਿੱਤੀ ਮੁੱਖ ਅਗਨੀ
Funeral of Honey Singh’s nephew; ਜਲੰਧਰ ਵਿੱਚ ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਓਲਕ ਦੇ ਪੁੱਤਰ ਅਤੇ ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਦੇ ਭਤੀਜੇ ਦਿਵਿਤ ਓਲਕ ਦਾ ਬੁੱਧਵਾਰ ਦੁਪਹਿਰ ਨੂੰ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿੱਚ ਦਿਵਿਤ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਪਿਤਾ ਦਿਨੇਸ਼ ਓਲਕ ਨੇ ਆਪਣੇ ਪੁੱਤਰ ਦੀ ਚਿਖਾ ਨੂੰ ਮੁੱਖ ਅਗਨੀ ਦਿੱਤੀ।
ਦਿਵਿਤ ਦੀ ਅੰਤਿਮ ਵਿਦਾਈ ਮੌਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਕਈ ਨਾਮੀ ਹਸਤੀਆਂ ਪਹੁੰਚੀਆਂ। ਯੋ ਯੋ ਹਨੀ ਸਿੰਘ, ਅੰਮ੍ਰਿਤ ਮਾਨ, ਸਤਿੰਦਰ ਸਰਤਾਜ, ਸਰਬਜੀਤ ਚੀਮਾ, ਬੂਟਾ ਮੁਹੰਮਦ, ਜੀ ਖਾਨ, ਰਣਜੀਤ ਬਾਵਾ, ਗਿੱਪੀ ਗਰੇਵਾਲ ਅਤੇ ਸੁਮਿਤ ਸਮੇਤ ਕਈ ਗਾਇਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਈ ਗਾਇਕਾਂ ਨੇ ਦਿਵਿਤ ਦੀ ਅਰਥੀ ਨੂੰ ਮੋਢਾ ਵੀ ਦਿੱਤਾ।
ਇਸ ਤੋਂ ਇਲਾਵਾ ਮੇਅਰ ਵਿਨੀਤ ਧੀਰ, ਕੈਬਨਿਟ ਮੰਤਰੀ ਮੋਹਿੰਦਰ ਭਗਤ ਅਤੇ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੀਆਂ।
ਸੜਕ ਹਾਦਸੇ ਵਿੱਚ ਗਈ ਸੀ ਜਾਨ
ਦਿਵਿਤ ਦੀ ਸ਼ਨੀਵਾਰ ਰਾਤ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਹ ਆਪਣੇ ਦੋਸਤਾਂ ਨਾਲ ਕਾਰ ਵਿੱਚ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਕਾਰ ਨਗਰ ਨਿਗਮ ਦੀ ਟਰਾਲੀ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਗੰਭੀਰ ਹਾਲਤ ਵਿੱਚ ਦਿਵਿਤ ਨੂੰ ਜਲੰਧਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਹਨੀ ਸਿੰਘ ਅਤੇ ਗੁਰਨਾਮ ਭੁੱਲਰ ਨੇ ਵੀ ਪਰਿਵਾਰ ਨਾਲ ਦੁੱਖ ਵੰਡਾਇਆ
ਦਿਵਿਤ ਦੀ ਮੌਤ ਦੀ ਖ਼ਬਰ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਸੋਮਵਾਰ ਨੂੰ ਯੋ ਯੋ ਹਨੀ ਸਿੰਘ ਅਤੇ ਗੁਰਨਾਮ ਭੁੱਲਰ ਦਿਨੇਸ਼ ਓਲਕ ਦੇ ਘਰ ਪਹੁੰਚੇ ਸਨ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸੀ।
Crash Detection ਫੀਚਰ ਰਾਹੀਂ ਮਾਂ ਨੂੰ ਮਿਲਿਆ ਸੀ ਅਲਰਟ
ਜਾਣਕਾਰੀ ਮੁਤਾਬਕ, ਦਿਵਿਤ ਦੇ ਫ਼ੋਨ ਵਿੱਚ Crash Detection ਫੀਚਰ ਚਾਲੂ ਸੀ ਅਤੇ ਉਸ ਦੀ ਮਾਂ ਦਾ ਨੰਬਰ ਐਮਰਜੈਂਸੀ ਕਾਂਟੈਕਟ ਵਜੋਂ ਸੇਵ ਸੀ। ਹਾਦਸੇ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਮੋਬਾਈਲ ’ਤੇ ਹਾਦਸੇ ਦਾ ਅਲਰਟ ਅਤੇ ਲੋਕੇਸ਼ਨ ਪਹੁੰਚ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਨੂੰ ਸੂਚਨਾ ਦਿੱਤੀ। ਪਰਿਵਾਰ ਵੱਲੋਂ ਦਿਵਿਤ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਫ਼ੋਨ ਨਹੀਂ ਲੱਗਿਆ। ਬਾਅਦ ਵਿੱਚ ਦੋਸਤਾਂ ਨਾਲ ਗੱਲਬਾਤ ਦੌਰਾਨ ਹਾਦਸੇ ਬਾਰੇ ਪਤਾ ਲੱਗਿਆ।