UAE ’ਚ ਭਿਆਨਕ ਸੜਕ ਹਾਦਸਾ, 23 ਗੱਡੀਆਂ ਦੀ ਟੱਕਰ ਮਗਰੋਂ ਲੱਗੀ ਅੱਗ; 14 ਮੌਤਾਂ, 30 ਜ਼ਖ਼ਮੀ
ਨਵੀਂ ਦਿੱਲੀ: ਸੰਯੁਕਤ ਅਰਬ ਅਮੀਰਾਤ (UAE) ਦੇ ਫੁਜੈਰਾ ਅਮੀਰਾਤ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ 14 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਇਹ ਹਾਦਸਾ ਸ਼ੇਖ ਖਲੀਫਾ ਬਿਨ ਜ਼ਾਇਦ ਰੋਡ ’ਤੇ ਫੁਜੈਰਾ ਦੇ ਪ੍ਰਵੇਸ਼ ਦੁਆਰ ਨੇੜੇ ਅੱਧੀ ਰਾਤ ਤੋਂ ਕੁਝ ਸਮਾਂ ਪਹਿਲਾਂ ਵਾਪਰਿਆ, ਜਿੱਥੇ 23 ਵਾਹਨ ਆਪਸ ਵਿੱਚ ਟਕਰਾ ਗਏ ਅਤੇ ਕਈ ਗੱਡੀਆਂ ਨੂੰ ਅੱਗ ਲੱਗ ਗਈ।
ਟਰੱਕ ਚਾਲਕ ਦੇ ਕੰਟਰੋਲ ਗੁਆਉਣ ਕਾਰਨ ਵਾਪਰਿਆ ਹਾਦਸਾ
ਫੁਜੈਰਾ ਪੁਲਿਸ ਮੁਤਾਬਕ ਇੱਕ ਟਰੱਕ ਚਾਲਕ ਵੱਲੋਂ ਵਾਹਨ ਤੋਂ ਕੰਟਰੋਲ ਗੁਆਉਣ ਕਾਰਨ ਇਹ ਹਾਦਸਾ ਵਾਪਰਿਆ। ਬੇਕਾਬੂ ਟਰੱਕ ਪਹਿਲਾਂ ਇੱਕ ਗੱਡੀ ਨਾਲ ਟਕਰਾਇਆ ਅਤੇ ਫਿਰ ਪਲਟਦਾ ਹੋਇਆ ਹੌਲੀ ਚੱਲ ਰਹੇ ਟ੍ਰੈਫਿਕ ਕਾਰਨ ਰੁਕੇ ਹੋਏ ਹੋਰ ਵਾਹਨਾਂ ਵਿੱਚ ਜਾ ਵੱਜਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਈ ਗੱਡੀਆਂ ਨੂੰ ਤੁਰੰਤ ਅੱਗ ਲੱਗ ਗਈ, ਜੋ ਤੇਜ਼ੀ ਨਾਲ ਹੋਰਨਾਂ ਵਾਹਨਾਂ ਤੱਕ ਫੈਲ ਗਈ। UAE ਦੇ ਗ੍ਰਹਿ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਹਾਦਸੇ ਵਿੱਚ ਪੰਜ ਟਰੱਕਾਂ ਸਮੇਤ ਕੁੱਲ 23 ਵਾਹਨ ਸ਼ਾਮਲ ਸਨ।
ਭਾਰਤੀ ਦੂਤਾਵਾਸ ਵੱਲੋਂ ਮੌਤਾਂ ਦੀ ਪੁਸ਼ਟੀ
UAE ਸਥਿਤ ਭਾਰਤੀ ਵਣਜ ਦੂਤਘਰ ਨੇ ਮ੍ਰਿਤਕਾਂ ਵਿੱਚ ਭਾਰਤੀ ਨਾਗਰਿਕਾਂ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਦੂਤਘਰ ਵੱਲੋਂ ਪੀੜਤ ਪਰਿਵਾਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਅੱਗ ਦੀਆਂ ਲਪਟਾਂ ਕਾਰਨ ਕਈ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ ਹਨ, ਜਿਸ ਕਰਕੇ ਮ੍ਰਿਤਕਾਂ ਦੀ ਪਛਾਣ ਕਰਨੀ ਮੁਸ਼ਕਲ ਹੋ ਰਹੀ ਹੈ। ਇਸ ਲਈ ਫੁਜੈਰਾ ਪੁਲਿਸ ਵੱਲੋਂ DNA ਟੈਸਟ ਕਰਵਾਏ ਜਾ ਰਹੇ ਹਨ।
15 ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਜਾਰੀ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ, ਐਂਬੂਲੈਂਸ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਉਨ੍ਹਾਂ ਨੇ ਅੱਗ ’ਤੇ ਕਾਬੂ ਪਾਇਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਅਨੁਸਾਰ 30 ਜ਼ਖ਼ਮੀਆਂ ਵਿੱਚੋਂ 15 ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਬਾਕੀ 15 ਦਾ ਇਲਾਜ ਜਾਰੀ ਹੈ। ਮ੍ਰਿਤਕਾਂ ਵਿੱਚ ਭਾਰਤੀ ਨਾਗਰਿਕਾਂ ਤੋਂ ਇਲਾਵਾ UAE ਦੇ ਸਥਾਨਕ ਨਾਗਰਿਕ ਵੀ ਸ਼ਾਮਲ ਹਨ। ਜ਼ਖ਼ਮੀਆਂ ਵਿੱਚ ਭਾਰਤ, UAE, ਓਮਾਨ, ਬ੍ਰਾਜ਼ੀਲ, ਪਾਕਿਸਤਾਨ, ਜਾਰਡਨ ਅਤੇ ਮਿਸਰ ਦੇ ਨਾਗਰਿਕ ਦੱਸੇ ਗਏ ਹਨ। ਫਿਲਹਾਲ ਮਾਹਿਰ ਟੀਮਾਂ ਘਟਨਾ ਸਥਾਨ ’ਤੇ ਜਾਂਚ ਕਰ ਰਹੀਆਂ ਹਨ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। UAE ਦੇ ਗ੍ਰਹਿ ਮੰਤਰਾਲੇ ਅਤੇ ਫੁਜੈਰਾ ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ।