ਖ਼ੌਫ਼ਨਾਕ ਵਾਰਦਾਤ! ਬਦਮਾਸ਼ਾ ਨੇ ਨੌਜਵਾਨ ਦਾ ਹੱਥ ਵੱਢਿਆ, ਆਪਸੀ ਰੰਜਿਸ਼ ਦੇ ਸ਼ੱਕ ’ਚ ਪੁਲਿਸ ਜਾਂਚ ਜਾਰੀ
Ludhiana Crime News; ਲੁਧਿਆਣਾ ਵਿੱਚ ਬਦਮਾਸ਼ਾਂ ਵੱਲੋਂ ਇੱਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਹੱਥ ਵੱਢਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਮਲੇ ਤੋਂ ਬਾਅਦ ਮੁਲਜ਼ਮ ਵੱਢਿਆ ਹੋਇਆ ਹੱਥ ਇੱਕ ਲਿਫ਼ਾਫ਼ੇ ਵਿੱਚ ਪਾ ਕੇ ਕਰਿਆਨੇ ਦੀ ਦੁਕਾਨ ’ਤੇ ਪਹੁੰਚੇ ਅਤੇ ਦੁਕਾਨਦਾਰ ਨੂੰ ਕਿਹਾ ਕਿ ਇਹ ਹੱਥ ਨੌਜਵਾਨ ਦੇ ਘਰ ਪਹੁੰਚਾ ਦੇਣਾ। ਵਾਰਦਾਤ ਰੇਡੂ ਸਾਹਿਬ ਗੁਰਦੁਆਰੇ ਦੇ ਨੇੜੇ ਵਾਪਰੀ। ਜ਼ਖ਼ਮੀ ਦੀ ਪਛਾਣ 40 ਸਾਲਾ ਸ਼ਕਤੀ ਸਿੰਘ ਉਰਫ਼ ਭੂਰਾ ਵਜੋਂ ਹੋਈ ਹੈ।
ਘਰ ਵਿੱਚ ਦਾਖ਼ਲ ਹੋ ਕੇ ਕੀਤਾ ਹਮਲਾ
ਥਾਣਾ ਮੁਖੀ ਜਤਿੰਦਰ ਕੁਮਾਰ ਮੁਤਾਬਕ, ਸ਼ਨੀਵਾਰ ਸਵੇਰੇ ਪੁਲਿਸ ਕੰਟਰੋਲ ਰੂਮ ਨੂੰ ਰੇਡੂ ਸਾਹਿਬ ਗੁਰਦੁਆਰੇ ਨੇੜੇ ਇੱਕ ਘਰ ਵਿੱਚ ਕੁੱਟਮਾਰ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਮੌਕੇ ’ਤੇ ਪਹੁੰਚੀ ਤਾਂ ਮੁੱਢਲੀ ਜਾਣਕਾਰੀ ਸਾਹਮਣੇ ਆਈ ਕਿ ਹਮਲਾਵਰਾਂ ਨੇ ਘਰ ਦੇ ਮਾਲਕ ਨਾਲ ਵੀ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਸ਼ਕਤੀ ਸਿੰਘ ਉਰਫ਼ ਭੂਰਾ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦੀ ਕਲਾਈ ਵੱਢ ਕੇ ਵੱਖ ਕਰ ਦਿੱਤੀ ਗਈ। ਗੰਭੀਰ ਜ਼ਖ਼ਮੀ ਸ਼ਕਤੀ ਸਿੰਘ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਵੱਢਿਆ ਹੋਇਆ ਹੱਥ ਦੁਕਾਨਦਾਰ ਨੂੰ ਫੜਾ ਕੇ ਫ਼ਰਾਰ
ਪੁਲਿਸ ਮੁਤਾਬਕ, ਹਮਲੇ ਤੋਂ ਬਾਅਦ ਮੁਲਜ਼ਮ ਵੱਢਿਆ ਹੋਇਆ ਹੱਥ ਆਪਣੇ ਨਾਲ ਲੈ ਗਏ। ਉਹ ਸਤਿਗੁਰੂ ਨਗਰ ਦੀ ਗਲੀ ਨੰਬਰ-9 ਵਿੱਚ ਸਥਿਤ ਇੱਕ ਕਰਿਆਨੇ ਦੀ ਦੁਕਾਨ ’ਤੇ ਪਹੁੰਚੇ ਅਤੇ ਹੱਥ ਦੁਕਾਨਦਾਰ ਨੂੰ ਫੜਾ ਦਿੱਤਾ। ਉਨ੍ਹਾਂ ਦੁਕਾਨਦਾਰ ਨੂੰ ਕਿਹਾ ਕਿ ਇਹ ਹੱਥ ਨੌਜਵਾਨ ਦੇ ਘਰ ਪਹੁੰਚਾ ਦੇਣਾ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਆਪਸੀ ਰੰਜਿਸ਼ ਦੇ ਸ਼ੱਕ ’ਚ ਜਾਂਚ ਜਾਰੀ
ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮਾਮਲਾ ਆਪਸੀ ਰੰਜਿਸ਼ ਨਾਲ ਜੁੜਿਆ ਹੋਣ ਦਾ ਸ਼ੱਕ ਹੈ। ਪੁਲਿਸ ਨੂੰ ਉਨ੍ਹਾਂ ਲੋਕਾਂ ਬਾਰੇ ਵੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਨਾਲ ਜ਼ਖ਼ਮੀ ਨੌਜਵਾਨ ਦਾ ਉੱਠਣਾ-ਬੈਠਣਾ ਸੀ। ਪੁਲਿਸ ਇਨ੍ਹਾਂ ਲੋਕਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ, ਜ਼ਖ਼ਮੀ ਨੌਜਵਾਨ ਖ਼ਿਲਾਫ਼ ਪਹਿਲਾਂ ਵੀ ਕਰੀਬ 12 ਮਾਮਲੇ ਦਰਜ ਹੋਣ ਦੀ ਜਾਣਕਾਰੀ ਮਿਲੀ ਹੈ। ਮੁਲਜ਼ਮਾਂ ਦਾ ਵੀ ਅਪਰਾਧਿਕ ਰਿਕਾਰਡ ਹੋਣ ਦੀ ਗੱਲ ਸਾਹਮਣੇ ਆਈ ਹੈ।
CCTV ਫੁਟੇਜ ਖੰਗਾਲ ਰਹੀ ਪੁਲਿਸ
ਪੁਲਿਸ ਵੱਲੋਂ ਘਟਨਾ ਵਾਲੀ ਥਾਂ ਅਤੇ ਉਸ ਦੁਕਾਨ ਦੇ ਆਲੇ-ਦੁਆਲੇ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਜਿੱਥੇ ਮੁਲਜ਼ਮ ਵੱਢਿਆ ਹੋਇਆ ਹੱਥ ਛੱਡ ਕੇ ਗਏ ਸਨ। ਦੁਕਾਨਦਾਰ ਤੋਂ ਮਿਲੀ ਜਾਣਕਾਰੀ ਅਤੇ CCTV ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਵਿੱਚ ਅਗਲੀ ਕਾਰਵਾਈ ਜਾਰੀ ਹੈ।