ਪੰਜਾਬ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫਲਾਪ, ਮੁੱਖ ਮੰਤਰੀ ਨੈਤਿਕ ਆਧਾਰ ‘ਤੇ ਦੇਣ ਅਸਤੀਫ਼ਾ: ਪ੍ਰਗਟ ਸਿੰਘ
Punjab Congress President; ਪੰਜਾਬ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਅੱਜ ਪਵਿੱਤਰ ਅਸਥਾਨ ਸ੍ਰੀ ਖੁਰਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਗੜ੍ਹਸ਼ੰਕਰ ਦੇ ਕਾਂਗਰਸ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਨਤਮਸਤਕ ਹੋਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਸਿੰਘ ਨੇ ਮੌਜੂਦਾ ‘ਆਪ’ ਸਰਕਾਰ ‘ਤੇ ਤਿੱਖੇ ਹਮਲੇ ਬੋਲੇ ਅਤੇ ਸੂਬੇ ਦੀ ਮਾੜੀ ਹਾਲਤ ਲਈ ਸਰਕਾਰ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ।
ਪ੍ਰਗਟ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕੀ ਹੈ ਅਤੇ ਆਮ ਨਾਗਰਿਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਸ਼ਹਿ ਅਤੇ ਨੱਕ ਹੇਠ ਸੂਬੇ ਵਿੱਚ ਮੈਡੀਕਲ ਨਸ਼ਿਆਂ ਦਾ ਕਾਰੋਬਾਰ ਵੱਡੇ ਪੱਧਰ ‘ਤੇ ਪੈਰ ਪਸਾਰ ਰਿਹਾ ਹੈ।
ਪ੍ਰਗਟ ਸਿੰਘ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਨਸ਼ਾ ਤਸਕਰਾਂ ਨਾਲ ਮਿਲੀ ਹੋਈ ਹੈ। ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਜਾਂ ਸੰਘਰਸ਼ ਕਰਨ ਵਾਲਿਆਂ (ਜਿਵੇਂ ਕਿ ਪਰਮਿੰਦਰ ਸਿੰਘ ਝੋਟਾ ਦਾ ਮਾਮਲਾ ਜਾਂ ਹੋਰ ਵਿਅਕਤੀ) ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਕਾਂਗਰਸ ਪ੍ਰਧਾਨ ਨੇ ਸਖ਼ਤ ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਸੂਬੇ ਵਿੱਚ ਫੇਲ੍ਹ ਹੋ ਚੁੱਕੇ ਪ੍ਰਬੰਧਾਂ ਨੂੰ ਦੇਖਦਿਆਂ ਮੁੱਖ ਮੰਤਰੀ ਨੂੰ ਨੈਤਿਕਤਾ ਦੇ ਆਧਾਰ ‘ਤੇ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ‘ਬਦਲਾਅ’ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਇਸ ਸਰਕਾਰ ਤੋਂ ਜਨਤਾ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਹੁਣ ਸੂਬੇ ਭਰ ਵਿੱਚ ਲੋਕ ਨਿਰਾਸ਼ਾ ਵਿੱਚ ਆ ਕੇ ਇਨ੍ਹਾਂ ਦੇ ਪੋਸਟਰ ਪਾੜਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਰਕਾਰ ਵੱਡੇ ਪੱਧਰ ਤੇ ਗ਼ੈਰ ਕਾਨੂੰਨੀ ਮਾਈਨਿੰਗ ਕਰਵਾ ਰਹੀ ਹੈ।