ਨਸ਼ਾ, ਗੈਂਗਸਟਰ ਤੇ ਅੱਤਵਾਦ ਖ਼ਿਲਾਫ਼ IG ਭੁੱਲਰ ਦਾ ਸਖ਼ਤ ਰੁਖ, ਕਿਹਾ- ਜ਼ੀਰੋ ਟਾਲਰੈਂਸ ਨੀਤੀ ਰਹੇਗੀ ਜਾਰੀ
Amritsar Border Range IG Gurpreet Singh Bhullar; ਅੰਮ੍ਰਿਤਸਰ ਬਾਰਡਰ ਰੇਂਜ ਦੇ ਨਵੇਂ ਆਈਜੀ ਵਜੋਂ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ। ਅਹੁਦਾ ਸੰਭਾਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਆਈਜੀ ਭੁੱਲਰ ਨੇ ਸਪੱਸ਼ਟ ਕੀਤਾ ਕਿ ਬਾਰਡਰ ਰੇਂਜ ਵਿੱਚ ਨਸ਼ਿਆਂ, ਸੰਗਠਿਤ ਅਪਰਾਧ ਅਤੇ ਅੱਤਵਾਦੀ ਗਤੀਵਿਧੀਆਂ ਖ਼ਿਲਾਫ਼ ਪੁਲਿਸ ਵੱਲੋਂ ਸਖ਼ਤ ਕਾਰਵਾਈ ਜਾਰੀ ਰਹੇਗੀ।
ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਦੀਆਂ ਤਰਜੀਹਾਂ ਅਨੁਸਾਰ ਨਸ਼ਾ ਤਸਕਰੀ ਅਤੇ ਗੈਂਗਸਟਰ ਨੈੱਟਵਰਕ ਨੂੰ ਖ਼ਤਮ ਕਰਨਾ ਪੁਲਿਸ ਦੀ ਪਹਿਲੀ ਤਰਜੀਹ ਰਹੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਹੌਟਸਪਾਟ ਇਲਾਕਿਆਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾਵੇਗੀ।
ਬਾਰਡਰ ਸੁਰੱਖਿਆ ’ਤੇ ਰਹੇਗਾ ਵਿਸ਼ੇਸ਼ ਫੋਕਸ
ਆਈਜੀ ਭੁੱਲਰ ਨੇ ਕਿਹਾ ਕਿ ਅੰਮ੍ਰਿਤਸਰ ਬਾਰਡਰ ਰੇਂਜ ਇੱਕ ਬਹੁਤ ਸੰਵੇਦਨਸ਼ੀਲ ਇਲਾਕਾ ਹੈ, ਕਿਉਂਕਿ ਇਹ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਦਰਿਆਈ ਇਲਾਕਿਆਂ ਅਤੇ ਜੰਮੂ-ਕਸ਼ਮੀਰ ਤੇ ਹਿਮਾਚਲ ਨਾਲ ਲੱਗਦੇ ਖੇਤਰਾਂ ਵਿੱਚ ਵੀ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਸਰਹੱਦ ਦੀ ਸੁਰੱਖਿਆ ਲਈ ਬੀਐਸਐਫ ਅਤੇ ਹੋਰ ਸੁਰੱਖਿਆ ਏਜੰਸੀਆਂ ਨਾਲ ਬਿਹਤਰ ਤਾਲਮੇਲ ਬਣਾਇਆ ਜਾਵੇਗਾ ਤਾਂ ਜੋ ਸਰਹੱਦ ਪਾਰੋਂ ਹੋਣ ਵਾਲੀ ਤਸਕਰੀ ਅਤੇ ਘੁਸਪੈਠ ਨੂੰ ਰੋਕਿਆ ਜਾ ਸਕੇ।
ਨਸ਼ਾ ਮੁਕਤੀ ਲਈ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਾਂਗੇ
ਆਈਜੀ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਸਿਰਫ਼ ਪੁਲਿਸ ਕਾਰਵਾਈ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ। ਇਸ ਲਈ ਸਿਵਲ ਪ੍ਰਸ਼ਾਸਨ, ਡਿਪਟੀ ਕਮਿਸ਼ਨਰਾਂ ਅਤੇ ਸਿਹਤ ਵਿਭਾਗ ਨਾਲ ਮਿਲ ਕੇ ਨਸ਼ਾ ਪ੍ਰਭਾਵਿਤ ਨੌਜਵਾਨਾਂ ਨੂੰ ਮੁੱਖ ਧਾਰਾ ਨਾਲ ਜੋੜਨ ਅਤੇ ਡੀ-ਅਡਿਕਸ਼ਨ ਲਈ ਕੰਮ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਬਾਰਡਰ ਰੇਂਜ ਦੇ ਐਸਐਸਪੀਜ਼ ਨਾਲ ਨਿਯਮਿਤ ਮੀਟਿੰਗਾਂ ਕਰਕੇ ਪਬਲਿਕ ਆਊਟਰੀਚ ਪ੍ਰੋਗਰਾਮ ਵੀ ਚਲਾਏ ਜਾਣਗੇ ਤਾਂ ਜੋ ਲੋਕਾਂ ਨੂੰ ਪੁਲਿਸ ਨਾਲ ਜੋੜਿਆ ਜਾ ਸਕੇ।
ਡਰੋਨ ਤਸਕਰੀ ਅਤੇ ਸੋਸ਼ਲ ਮੀਡੀਆ ਅਫ਼ਵਾਹਾਂ ’ਤੇ ਵੀ ਨਜ਼ਰ
ਅਟਾਰੀ ਸਰਹੱਦ ਨੇੜੇ ਡਰੋਨ ਡਿੱਗਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਆਈਜੀ ਭੁੱਲਰ ਨੇ ਕਿਹਾ ਕਿ ਉਹ ਖ਼ੁਦ ਅਟਾਰੀ ਤੋਂ ਜਨ-ਸੰਪਰਕ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਨਾਲ ਜੋੜ ਕੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣਗੇ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਸੋਸ਼ਲ ਮੀਡੀਆ ’ਤੇ ਗ਼ਲਤ ਜਾਣਕਾਰੀ, ਅਫ਼ਵਾਹਾਂ ਜਾਂ ਡਰੋਨ ਡਰਾਪਿੰਗ ਨਾਲ ਸਬੰਧਤ ਗੁੰਮਰਾਹਕੁੰਨ ਵੀਡੀਓਜ਼ ਫੈਲਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨਸ਼ਾ ਤਸਕਰਾਂ ਦੀ ਜਾਇਦਾਦ ’ਤੇ ਵੀ ਹੋਵੇਗੀ ਕਾਰਵਾਈ
ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਨਸ਼ਾ ਤਸਕਰਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਕੇ ਉਨ੍ਹਾਂ ਦੀਆਂ ਜਾਇਦਾਦਾਂ ਅਤੇ ਪੂਰੇ ਨੈੱਟਵਰਕ ਨੂੰ ਤੋੜਨ ਲਈ ਵਿਸ਼ੇਸ਼ ਰਣਨੀਤੀ ਬਣਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਬਾਰਡਰ ਰੇਂਜ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ।
